ਪੰਨਾ:ਜੀਵਨ ਲਹਿਰਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੋਰੀ ਚੂਰੀਆਂ ਕੋਈ ਖੁਆ ਮੋਈ,
ਮੋਈ ਥੱਲਾਂ ਅੰਦਰ ਭੱਜ ਭੱਜ ਕੋਈ।
ਬਾਰਾਂ ਵਰ੍ਹੇ ਚਰਾਏਗਾ ਕੌਣ ਮੱਝਾਂ?
ਨਹੀਂਉ ਬਨਣ ਜੋਗਾ ਚਾਕ ਅੱਜ ਕੋਈ।

ਨੀਵੇਂ ਨੈਣਾਂ ਦਾ ਜਗ ਤੇ ਮੁਲ ਕੋਈ ਨਹੀਂ,
ਨੀਵੇਂ ਨੈਣ ਪਾ ਲੈ ਪਾ ਕੇ ਪੱਜ ਕੋਈ।
ਓਹ ਖੂਹ ਵੱਲ ਕੋਈ ਨਹੀਂ ਮੂੰਹ ਕਰਦਾ,
ਜਿਹੜੇ ਖੂਹ ਤੇ ਹੋਵੇ ਨਾ ਲੱਜ ਕੋਈ।

ਖਿੱਚਾਂ ਭਰੀ ਪ੍ਰੇਮ ਕਹਾਣੀਏ ਨੀ,
ਸ਼ਾਲਾ ਜਗ ਦੇ ਲਈ ਇਤਿਹਾਸ ਨਾ ਬਣ।
ਪੀੜੀ ਜਾਏਂਗੀ ਤਮ੍ਹਾਂ ਦੇ ਵੇਲਣੇ 'ਚ,
ਨੂਰ ਭਿੰਨੀਏਂ ਨਿਰੀ ਮਿਠਾਸ ਨਾ ਬਣ।

ਬੂਹੇ ਪਲਕਾਂ ਦੇ ਢੋ ਲੈ ਕਵਾਰੀਏ ਨੀ,
ਮਨ ਮੰਦਰ 'ਚ ਕਿਸੇ ਨੂੰ ਆਉਣ ਨਾ ਦੇ।
ਰੁਪ-ਦੇਵੀਏ, ਕਾਮ ਪੁਜਾਰੀਆਂ ਨੂੰ,
ਕੋਈ ਮਤਲਬੀ ਜੋਤ ਜਗਾਉਣ ਨਾ ਦੇ।
ਨਹੀਂ ਤੇ ਰੋਵੇਂਗੀ ਅੱਖ ਘਸੁਨ ਦੇ ਦੇ,
ਹਾਇ ਨੀ! ਕਿਸੇ ਨੂੰ ਧੂਣੀ ਧੁਖਾਉਣ ਨਾ ਦੇ।
ਅਜ ਸਮੇਂ ਦੀ ਜੀਭ ਹੈ ਸੋਜ ਤੇਰੀ,
ਦਿਲ ਦੇ ਸਾੜਿਆਂ ਨੂੰ ਛਾਲੇ ਪਾਉਣ ਨਾ ਦੇ।

ਹੀਰਾ ਜਾਣ ਕੇ ਪਾਣੀ ਦੇ ਬੁਲਬਲੇ ਨੂੰ,
ਧੋਖਾ ਖਾ ਨਾ ਬਹੀਂ, ਮੁਲ ਪਾ ਨਾ ਬਹੀਂ।
-

੨੭