ਪੰਨਾ:ਜੀਵਨ ਲਹਿਰਾਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰੋਂ ਜਿਹੜੀ ਵੀ ਗੱਲ ਉੱਠੀ।
ਗਸ਼ ਖਾਧਾ ਤੇ ਡਿਗ ਪਈ ਪੁੁੱਠੀ।
ਬੈਠੇ ਸਾਂ ਬਸ ਚੁਪ ਚੁਪੀਤੇ,
ਬੱਦਲਾਂ ਵਾਂਙੂ ਭਰੇ ਤੇ ਪੀਤੇ,
ਕੌਲ 'ਕਰਾਰ ਕਈ ਸਨ ਕੀਤੇ,
ਸਾਂਹਵੇਂ ਆਏ ਦਿਨ ਜਦ ਬੀਤੇ,
ਝੱਲ ਪੁਣੇ ਵਿਚ ਵਹਿਸ਼ੀ ਹੋ ਕੇ,
ਦਿਲ ਦੇ ਛਾਲੇ ਛਿਲ ਬੈਠੇ ਸਾਂ।
ਦੀਵੇ ਜਗੀਂ, ਤਿਕਾਲਾਂ ਵੇਲੇ,
ਇਕ ਦਿਨ ਦੋਵੇਂ ਮਿਲ ਬੈਠੇ ਸਾਂ।

ਏਨੇ ਨੂੰ ਇਕ ਕੋਇਲ ਕੂਕੀ।
ਦਰਦਾਂ ਮਾਰੀ, ਬਿਰਹੋਂ ਫੂਕੀ।
ਟਿਕੇ ਟਿਕਾਏ ਦਿਲ ਜਾਂ ਹਿੱਲੇ,
ਰੰਗ ਅਸਾਡੇ ਪੈ ਗਏ ਪਿੱਲੇ,
ਛਿੱਲੇ ਛਾਲੇ ਮੁੜ ਮੁੜ ਛਿੱਲੇ,
ਸੁੱਕੇ ਨੇਤਰ ਹੋ ਗਏ ਗਿੱਲੇ,
ਨੈਣੋਂ ਨਿਕਲੀ ਏਸ ਝੰਨਾਂ ਵਿਚ,
ਬਿਨਾਂ ਬੇੜੀਉਂ ਠਿਲ੍ਹ ਬੈਠੇ ਸਾਂ
ਸਹਿਜ ਸੁਭਾਏ, ਆਪ ਮੁਹਾਰੇ,
ਅਸੀਂ ਵੀ ਇਕ ਦਿਨ ਮਿਲ ਬੈਠੇ ਸਾਂ।

੩o