ਪੰਨਾ:ਜੀਵਨ ਲਹਿਰਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਨੇਹਾ

ਨੀ! ਕੂੰਜੇ ਮੇਰੇ ਨਾਲ ਦੀਏ,
ਬਿਰਹੋਂ ਵਿਚ ਆਪਾ ਜਾਲ ਦੀਏ,
ਕੁਰਲਾਂਦੀ ਪਿਆਰਾ ਭਾਲ ਦੀਏ,

ਆ ਪਹਿਲੋਂ ਦੋਵੇਂ ਝੁਰੀਏ ਨੀ,
ਫਿਰ ਇਕੋ ਤੋਰੇ ਤੁਰਏ ਨੀ।

ਹੱਛਾ! ਜੇ ਚਾਲੋਂ ਰੁਕਣਾ ਨਹੀਂ,
ਤਦ ਇਹ ਤਾਂ ਮੇਰੀ ਮੰਨ ਲਈਂ,
ਜੇ ਮਿਲੇ ਕਿਤੇ ਪ੍ਰੀਤਮ ਮੇਰਾ,
ਭਰ ਅੱਖਾਂ ਮੇਰੀ ਵਲੋਂ ਕਹੀਂ:-

ਦਿਲ ਤੇ ਖਾ ਸੱਟ ਅਵੱਲੀ ਵੇ,
ਝੱਲੀ ਤੋਂ ਗਈ ਨਾ ਝੱਲੀ ਵੇ,

ਤੂੰ ਫੁੱਲ ਸੈਂ, ਮੈਂ ਸਾਂ ਬੰਦ ਕਲੀ,
ਜਦ ਤੇਰੀ ਮੇਰੀ ਅੱਖ ਰਲੀ,

ਉੱਡ ਗਈ ਹਵਾਈ ਗਲੀ ਗਲੀ,
ਮੈਂ ਅਲ੍ਹੜ, ਬਾਲ, ਇੰਞਾਣੀ ਸਾਂ।
ਹਰ ਘਰ ਲਈ ਬਣੀ ਕਹਾਣੀ ਸਾਂ।

੩੧