ਪੰਨਾ:ਜੀਵਨ ਲਹਿਰਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਈਆਂ ਨਚਣ, ਗਹਿਣੇ ਨਚਣ,
ਹਿੱਕਾਂ ਤੋਂ ਟੁੱਟ ਪੈਣੇ ਨਚਣ,
ਬੀਂਡੇ ਗਾਉਣ, ਟਟਹਿਣੇ ਨਚਣ,

ਵੇਖ ਵੇਖ ਨਾ ਜੀਅ ਤਰਸਾਈਏ।
ਆ ਸਹੀਏ ਰਲ ਗਿੱਧਾ ਪਾਈਏ।

ਇਕੋ ਹਾਣ ਦੀਆਂ ਮੁਟਿਆਰਾਂ,
ਜੁੜੀਆਂ ਖੜੀਆਂ ਵੇਖ ਬਹਾਰਾਂ,
ਸੁਰਗਾਂ ਅੰਦਰ ਨਚਣ ਨਾਰਾਂ,

ਆ ਕੋਈ ਰੋਂਦੂ ਅੱਖ ਹਸਾਈਏ।
ਆ ਸਹੀਏ ਚਲ ਗਿੱਧਾ ਪਾਈਏ।

ਢੋਲਕ ਤੇ ਜਦ ਲਾਵਣ ਠੇਕੇ,
ਭੁਲਣ ਉੱਕੇ ਸਹੁਰੇ ਪੇਕੇ,
ਰੱਬ ਉਚੇਰਾ ਅੱਖੀਆਂ ਕੇ,

ਚਲ ਤੁਰ ਪਿੜ ਨੂੰ ਹੋਰ ਭਖ਼ਾਈਏ।
ਆ ਸਹੀਏ ਰਲ ਗਿੱਧਾ ਪਾਈਏ।

ਵੇਖ ਰੌਣਕਾਂ, ਬੱਲੇ ਬੱਲੇ,
ਗਾਉਣ ਪੰਜਾਬੀ ਗੀਤ ਸੁਖੱਲੇ,
ਧੂਆਂ ਪਾਵਣ ਗੱਲੇ ਗੱਲੇ,

ਆ ਤੁਰ 'ਬੇਕਲ' ਜੀਅ ਪਰਚਾਈਏ।
ਆ ਸਹੀਏ ਰਲ ਗਿੱਧਾ ਪਾਈਏ।

੩੮