ਪੰਨਾ:ਜੀਵਨ ਲਹਿਰਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਘੁੱਸੀ ਬੁਲਬੁਲ ਨੂੰ ਪਿੰਜਰੇ ਦੇ ਵਿਚ ਵੀ,
ਕਦੀ ਸਾੜ ਕੱਢਣ ਦਾ ਮੌਕਾ ਨਹੀਂ ਮਿਲਦਾ।
ਗੁਲਾਮਾਂ ਦੀ ਹਰ ਹਾਲੇ ਹਾਲਤ ਬੁੱਰੀ ਹੈ।
ਅਠੇ ਪਹਿਰ ਸਿਰ ਤੇ ਲਟਕਦੀ ਛੁੱਰੀ ਹੈ।

ਗੁਲਾਮਾਂ ਨੂੰ ਅਣਖਾਂ ਤੇ ਆਨਾਂ ਕੀ ਆਖਣ?
ਗੁਲਾਮੀ ਕੀ ਆਖੇ ਤੇ ਸ਼ਾਨਾਂ ਕੀ ਆਖਣ?
ਗੁਲਾਮਾਂ ਦੇ ਮੂੰਹ ਜਦ ਕਿ ਸੀਤੇ ਪਏ ਨੇ,
ਮੂੰਹ ਮੀਟੇ ਮੂੰਹ ਵਿਚ ਜ਼ਬਾਨਾਂ ਕੀ ਆਖਣ।
ਗੁਲਾਮਾਂ ਨੂੰ ਕੀ ਆਖੇ ਜੰਞੂ ਤੇ ਚੋਟੀ।
ਗੁਲਾਮਾਂ ਦਾ ਮਜ਼੍ਹਬ ਹੈ ਪੈਸਾ ਤੇ ਰੋਟੀ।

ਸੱਤਾ ਲਓ ਗੁਲਾਮਾਂ ਨੂੰ ਚੂੰ ਕੋਈ ਨਹੀਂ ਕਰਦਾ।
ਹਾਂ ਹਾਂ ਕਰਨ ਸਾਰੇ ਹੂੰ ਕੋਈ ਨਹੀਂ ਕਰਦਾ।
ਆਹ! ਜੇ ਕਦੀ ਕੋਈ ਕਢਣ ਵੀ ਲੱਗੇ।
ਅਮੀਰਾਂ ਦੇ ਘਰ ਵਲੇ ਮੂੰਹ ਕੋਈ ਨਹੀਂ ਕਰਦਾ।
ਉਂਝ ਪਏ ਮਰਨ ਦਮੜੀ ਦਮੜੀ ਦੇ ਪਿੱਛੇ।
ਪਿਆ ਭਾਈ, ਭਾਈ ਦੀ ਚਮੜੀ ਦੇ ਪਿੱਛੇ।

ਗੁਲਾਮਾਂ ਦੀ ਦੁਨੀਆਂ 'ਚਿ ਕਮਲੇ ਬੜੇ ਨੇ।
ਸੁੰਮਾਂ ਵਾਲੀਆਂ ਲੈ ਕੇ ਡਾਂਗਾਂ ਖੜੇ ਨੇ।
ਤਿੰਨਾਂ 'ਚਿ ਬਸ ਇਕ ਸਮਝ ਦਾ ਹੈ ਘਾਟਾ,
ਇਸੇ ਕਰਕੇ 'ਬੇਕਲ' ਪਏ ਮਰਦੇ ਰੜੇ ਨੇ।
ਮਸਜਦ ਦਾ ਰੌਲਾ ਤੇ ਮੰਦਰ ਦਾ ਰੌਲਾ।
ਅਸਲ ਵਿੱਚ ਹੈ ਸਾਰਾ ਹੀ ਅੰਦਰ ਦਾ ਰੌਲਾ।

੬੦