ਪੰਨਾ:ਜੀਵਨ ਲਹਿਰਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਦੂ ਪਾਣੀ, ਮੁਸਲਮ ਪਾਣੀ,
ਹੋਵਾਂ ਸੁਣ ਕੇ ਪਾਣੀ ਪਾਣੀ,
ਇਹਦਾ ਈਸ਼ਵਰ, ਓਦ੍ਹਾ ਅੱਲਾ,
ਸਾਂਝੇ ਦੀ ਵੀ ਸਾਂਝ ਨਾ ਜਾਣੀ,
ਏਥੇ ਕਿੱਦਾਂ ਝਟ ਲੰਘਾਈਏ,
ਆ ਕੋਈ ਦੁਨੀਆਂ ਹੋਰ ਵਸਾਈਏ।

ਜੇ ਪਈ ਲੁੜਛੇ, ਜਿੰਦ ਨਿਰਾਸ਼ੀ,
ਜੇ ਹੈਂ ਸੁਖ ਦਾ ਤੂੰ ਅਭਿਲਾਸ਼ੀ,
ਤੋੜ੍ਹ ਮਜ੍ਹਬ ਦੇ ਤੰਦਨ ਤਾਣੇ,
ਨਾ ਜਾ ਮੱਕੇ, ਨਾ ਜਾਂ ਕਾਸ਼ੀ,
ਸਾਂਝੇ, ਸਾਂਝੀ ਜੋਤ ਜਗਾਈਏ,
ਆ ਕੋਈ ਦੁਨੀਆਂ ਹੋਰ ਵਸਾਈਏ।

ਐਸੀ ਲਭੀਏ ਕੋਈ ਅਬਾਦੀ,
ਜਿਥੇ ਹੋਣ ਨਾ ਮੂਲ ਫਸਾਦੀ,
ਪ੍ਰੀਤ ਨਗਰ ਵਿਚ ਪ੍ਰੀਤਮ ਵੱਸੇ,
ਸਭ ਲਈ 'ਬੇਕਲ' ਹੋਵੇ ਆਜ਼ਾਦੀ,
ਸਾਂਝੇ ਰੱਬ ਥੀਂ ਸਾਂਝਾਂ ਪਾਈਏ,
ਆ ਕੋਈ ਦੁਨੀਆਂ ਹੋਰ ਵਸਾਈਏ।

੬੨