ਪੰਨਾ:ਜੀਵਨ ਲਹਿਰਾਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਂਦੀ ਨਾਲ ਪੰਜਾਲੀਆ ਜੜੀਆਂ,
ਘਰ ਘਰ ਅੰਦਰ ਜੋਗਾਂ ਖੜੀਆਂ,
ਰੁੱਤਾਂ ਕਰਨ ਬਹਾਰਾਂ ਬੜੀਆਂ।

ਚੱਪੇ ਚੱਪੇ ਤੇ ਖੂਹ ਵੱਗਦੇ,
ਸੋਹਣੇ ਰੱਬ ਤੋਂ ਸੋਹਣੇ ਲਗਦੇ,
ਪਰੀਆਂ ਤੋਂ ਸੁੰਦਰ ਮੁਟਿਆਰਾਂ,
ਪਾਉਣ ਜਦੋਂ ਕੱਜਲ ਦੀਆਂ ਧਾਰਾਂ,
ਫੜ ਬਹਿੰਦੇ ਨੇ ਲੋਕ ਸਤਾਰਾਂ।

ਘੁੰਡ ਕਢੀ ਜੇ ਜਾਵਨ ਬੰਨ੍ਹੇ ,
ਲਿਸ਼ਕਾਂ ਮਾਰਨ ਹੀਰੇ, ਪੰਨੇ,
ਕੁਦਰਤ ਦੀ ਸੋਹਣੀ ਪੁਸਤਕ ਦੇ,
ਜਿਸ ਵੇਲੇ ਵੀ ਉਲਟਨ ਪੰਨੇ,
ਉਡਦੇ ਪੰਛੀ ਕਰਨ ਪਏ ਛਾਵਾਂ,
ਕਿਉਂ ਮੈਂ ਦੁਨੀਆਂ ਹੋਰ ਵਸਾਵਾਂ।

ਪਿਆਰੇ ਏਸ ਪੰਜਾਬ ਨੂੰ ਛਡ ਕੇ,
ਮੈਂ ਮੂਈ ਨਾ ਹੋਰਥੇ ਜਾਵਾਂ,
ਕਿਉਂ ਮੈਂ ਦੁਨੀਆਂ ਹੋਰ ਵਸਾਵਾਂ?

ਗੁੱਲ ਮਰਗ, ਕਸ਼ਮੀਰੀ ਡਲ੍ਹਾਂ।
ਸੋਹਣੇ ਝਰਨੇ ਮੋਹਣੀਆਂ ਛਲਾਂ।

੬੪