ਪੰਨਾ:ਜੀਵਨ ਲਹਿਰਾਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰੋਂ ਜਾਪਿਆ ਭਾਈਏ ਦੇ ਮੂੰਹ ਉੱਤੇ,
ਕਿਸੇ 'ਫਿੱਟੇ ਮੂੰਹ' ਸੁੱਕਣੇ ਪਾਈ ਹੋਈ ਏ।

ਦਬਾ ਦਬ ਆਵੇ ਰਿੜਦਾ ਗੇੇਂਦ ਵਾਂਗੂੰ,
ਮੂੰਹ ਮਾਰਦਾ, ਪਾਨ ਚਬਾਉਂਦਾ ਹੋਇਆ।
ਦੌਲੇ ਸ਼ਾਹੀ ਟਕਸਾਲ ਦਾ ਢਾਲਿਆ ਹੋਇਆ,
ਸੁਰਮਾ ਅੱਖਾਂ ਦੇ ਵਿਚ ਮਟਕਾਉਂਦਾ ਹੋਇਆ।
ਕੁੱਬੇ ਲੱਕ ਤੇ ਬੱਝਾ ਸੀ ਕਮਰ ਕੱਸਾ,
ਤਾਣ ਤਾਣ ਪਰ ਛਾਤੀ ਦਿਖਾਉਂਦਾ ਹੋਇਆ।
ਸੋਟੀ ਨਾਲ ਮਜਾਜ਼ ਭੁੜਕਾਉਂਦਾ ਹੋਇਆ,
ਫੋਕੇ ਰੋਹਬ ਤੇ ਰੋਹਬ ਜਮਾਉਂਦਾ ਹੋਇਆ।

ਕਦੀ ਆਪਣੀ ਸੋਟੀ ਨੂੰ ਮਾਰ ਕੱਛੇ,
ਬੜੀ ਸ਼ਾਨ ਥੀਂ ਟਾਈ ਸਵਾਰਦਾ ਸੀ।
ਸਿਰ ਦੇ ਵਾਲਾਂ ਤੋਂ ਪੈਰਾਂ ਦੇ ਨਵ੍ਹਾਂ ਤੀਕਰ,
ਕਾਰਟੂਨ ਮਿਲਾਪ ਅਖਬਾਰ ਦਾ ਸੀ।

ਮੁੱਕਦੀ ਗੱਲ, ਕਿ ਕਿਸੇ ਨਿਰਦੱਈ ਬਾਬਲ,
ਉਦ੍ਹੇ ਦਿਲ ਦੀ ਆਸ ਪੁਜਾ ਦਿਤੀ।
ਉਦ੍ਹੇ ਦਿਲ ਦੀ ਅੱਗ ਬੁਝਾਉਣ ਕਾਰਨ,
ਅੱਗ ਉਦ੍ਹੀ ਜਵਾਨੀ ਨੂੰ ਲਾ ਦਿਤੀ।
ਬਾਰਾਂ ਵਰ੍ਹੇ ਰਖੀ ਸਾਂਭ ਸਾਂਭ ਜਿਹੜੀ,
ਦੌਲਤ ਲਈ ਉਹ ਦੌਲਤ ਲੁਟਾ ਦਿਤੀ।
ਗਹਿਣੇ ਏਸ ਪਾ ਕੇ ਗਹਿਣੇ ਪੈਣ ਜੋਗੇ,
ਵਾਹ ਵਾਹ ਜੱਗ ਤੇ ਖੂਬ ਕਰਾ ਦਿਤੀ।

੭੨