ਪੰਨਾ:ਜੀਵਨ ਲਹਿਰਾਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੱਸਾਂ ਕੀ ਜੀਵੇਂ? ਜਿਵੇਂ 'ਓਸ' ਖ਼ਾਤਰ,
ਜੋ ਜੋ ਮੈਂ ਹਾਂ ਘਾਲਣਾਂ ਘਾਲਦੀ ਰਹੀ।
ਨਿਤ ਉਹਦੀਆਂ ਸੁੱਖਣਾਂ ਸੁੱਖਦੀ ਰਹੀ,
ਦੀਵੇ ਮੜ੍ਹੀਆਂ ਮਸਾਨਾਂ 'ਚਿ ਬਾਲਦੀ ਰਹੀ।
ਸੁੱਤੀ ਆਪ ਮੈਂ ਗਿੱਲੇ ਵਿਛੌਣਿਆਂ ਤੇ,
ਉਹਨੂੰ ਹਿੱਕ ਦੇ ਉੱਤੇ ਸਵਾਲਦੀ ਰਹੀ।
ਫੋਕੇ ਪਾਣੀ ਦੇ ਘੁੱਟ ਨੂੰ ਆਪ ਤਰਸੀ,
ਉਹਨੂੰ ਦੁੱਧਾਂ ਦੇ ਵਿਚ ਨਵ੍ਹਾਲਦੀ ਰਹੀ।

ਸੁੱਖਾਂ ਲੱਧੜੇ ਜਦੋਂ ਉਲਾਂਗ ਪੁੱਟੀ,
ਤਦੋਂ ਤੌੜੀਆਂ ਖੁਸ਼ੀ 'ਚਿ ਡੰਡੀਆਂ ਮੈਂ।
ਘਰ ਘਰ ਪੁਜ ਕੇ ਸਭਨਾਂ ਸ਼ਰੀਕਣਾਂ ਦੇ,
ਹੱਥੀਂ ਆਪ ਸ਼ਰੀਣੀਆਂ ਵੰਡੀਆਂ ਮੈਂ।

ਕਦੀ ਬੁਲ੍ਹ ਅਟੇਰਦਾ ਵੇਖਿਆ ਜੇ,
ਸੱਭੇ ਸੁੱਖ ਮੈਂ ਘੋਲ ਘੁਮਾ ਦਿਤੇ।
ਕਿਹਾ ਕਪੜੇ ਹੈਣ ਜੇ "ਹੈ" ਵਾਲੇ,
ਧੋਤੇ ਲਾਹ ਕੇ ਕੋਰੇ ਪੁਆ ਦਿਤੇ।
ਜੇਕਰ ਉਹ ਵੀ ਨਾ ਉਹਨੂੰ ਪਸੰਦ ਆਏ,
ਖੜੇ ਪੈਰ ਮੈਂ ਨਵੇਂ ਸੁਆ ਦਿਤੇ।
ਗੱਲ ਕੀ, ਨਾ ਰੱਤੀ ਦਰੇਗ਼ ਕੀਤਾ,
ਹੀਰੇ ਪੁਤ ਤੋਂ ਲਾਲ ਲੁਟਾ ਦਿਤੇ।

ਆਟਾ ਗੁੰਨਦੀ ਗੁੰਨਦੀ ਕਈ ਵਾਰੀ,
ਵੇ ਮੈਂ ਆਪ ਉਹਦੀਆਂ ਨਲੀਆਂ ਪੂੰਝਦੀ ਰਹੀ।

੭੫