ਪੰਨਾ:ਜੀਵਨ ਲਹਿਰਾਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਟੀ ਖਾਂਵਦੀ ਖਾਂਵਦੀ ਛਡ ਵਿਚੇ,
ਮੂਤਰ ਰੋੜ੍ਹਦੀ ਤੇ ਮੈਲਾ ਹੂੰਝਦੀ ਰਹੀ।

ਕਦੀ ਓਸਦਾ ਨਾ ਮੈਂ ਵਸਾਹ ਕੀਤਾ,
ਨੌਕਰ ਹੁੰਦਿਆਂ, ਆਪ ਖਿਡਾਂਵਦੀ ਰਹੀ।
ਬਾਲ ਨਾਲ ਕਦੀ ਆਪੂੰ ਬਾਲ ਬਣ ਕੇ,
ਪੋਪੋ ਪਾਈਆਂ ਮੈਂ ਉਸ ਥੀਂ ਪਾਂਵਦੀ ਰਹੀ।
ਕਦੀ 'ਆਟੇ ਦੀ ਬੋਰੀ' ਬਣਾ ਉਹਨੂੰ,
ਘਰੋ ਘਰ ਮੈਂ ਸਦਾ ਫਰਾਂਵਦੀ ਰਹੀ।
ਸਾਹਵੇਂ ਬ੍ਹਾ ਕੇ, ਪੇਰਨੀ ਵਾਂਗ ਉਹਨੂੰ,
ਸੌ ਸੌ ਨੱਚ ਕੇ ਨਾਚ ਵਿਖਾਂਵਦੀ ਰਹੀ।

ਮਿੱਟੀ ਸਿਰ ਪਾਉਂਦਾ ਲੈਂਦਾ ਵਾਰ ਨਹੀਂ ਉਹ,
ਜਿਦ੍ਹੇ ਲਈ ਮਿੱਟੀ ਦਰ ਦਰ ਛਾਣਦੀ ਰਹੀ।
ਓਸੇ ਟੰਗਿਆ ਸੂਲੀ ਤੇ ਅੱਜ ਮੈਨੂੰ,
ਜਿਹਨੂੰ ਜਾਨ ਕੋਲੋਂ ਪਿਆਰਾ ਜਾਣਦੀ ਰਹੀ।

ਹਥੀਂ ਪੁੱਟ ਕੇ ਬੁਗਨੀਆਂ ਦੱਬੀਆਂ ਮੈਂ,
ਉਦ੍ਹੇ ਇਲਮ ਦਾ ਕਿਲ੍ਹਾ ਉਸਾਰ ਦਿਤਾ।
ਆਪ ਡੁਬ ਕੇ ਮੋਹ ਦੇ ਸ਼ਹੁ ਅੰਦਰ,
ਉਦ੍ਹੇ ਕਾਗਜ਼ੀ ਬਿੱਲਾਂ ਨੂੰ ਤਾਰ ਦਿਤਾ।
ਜੇਕਰ ਦਸ ਮੰਗੇ ਤਾਂ ਮੈਂ ਦਸ ਦਿਤੇ,
ਜੇ ਹਜ਼ਾਰ ਮੰਗਿਆ ਹਜ਼ਾਰ ਦਿਤਾ।
ਆਪ ਡੋਲਦੀ ਰਹੀ ਪੱਖੀ ਵਾਂਗ ਭਾਵੇਂ,
ਥੰਮ੍ਹ ਵਾਂਗ ਪਰ ਉਹਨੂੰ ਖਲ੍ਹਾਰ ਦਿਤਾ।

੭੬