ਪੰਨਾ:ਜੀਵਨ ਲਹਿਰਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਆਉਣਾ ਉਸ ਪ੍ਰੇਮ ਹੁਲਾਰੇ,
ਓਸੇ ਮਾਹੀ, ਓਸੇ ਪਿਆਰੇ,
ਬੇਰੀ ਹੇਠ ਖਲੋ ਕੇ ਮੈਨੂੰ,
ਜਿਨ੍ਹੇ ਕੱਚੇ ਬੇਰ ਸੀ ਮਾਰੇ,
ਉਹੋ ਬੇਰ ਨੇ, ਇਹ ਨਹੀਂ ਛਾਲੇ,
ਅੱਜ ਨਾ ਵੱਸੀਂ ਬੱਦਲ ਕਾਲੇ।


ਅੱਜ ਆਉਣੈ ਉਸ ਕੱਚੇ ਪਾਰੇ,
ਰਚਣ ਲਈ ਹੱਡਾਂ ਵਿਚ ਸਾਰੇ,
ਜਿਦ੍ਹੀਆਂ ਰੋਜ਼ ਉਡੀਕਾਂ ਅੰਦਰ,
ਵੇਂਹਦੀ ਰਹੀ ਹਾਂ ਟੁਟਦੇ ਤਾਰੇ,
ਜਿਨ੍ਹੇ ਪਾਏ ਜਾਨ ਦੇ ਲਾੱਲੇ,
ਅੱਜ ਨਾ ਵੱਸੀਂ ਬੱਦਲ ਕਾਲੇ।


ਹਾਂ! ਓਸੇ, ਜਿਸ ਸੰਗਦੇ,
ਸੰਗਦੇ ਸੰਗਦੇ, ਲੰਘਦੇ ਲੰਘਦੇ,
ਮੋਈ ਨੂੰ ਕੀਤਾ ਅਧਮੋਈ,
ਮੇਰੀਆਂ ਖੈਰਾਂ ਮੰਗਦੇ ਮੰਗਦੇ,
ਆਪ ਜਾ ਲੁਕਿਆ ਕਿਸੇ ਬੰਗਾਲੇ,
ਅੱਜ ਨਾ ਵੱਸੀਂ ਬੱਦਲ ਕਾਲੇ।

੯੪