ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਜਦੋਂ ਮੈਨੂੰ ਇਸਦਾ ਅਹਿਸਾਸ ਹੋ ਚੁੱਕਾ ਹੈ ਕਿ ਜੇਬ 'ਚੋਂ ਪੈਸੇ ਖ਼ਰਚੇ ਬਗ਼ੈਰ (ਜੋ ਮੇਰੇ ਕੋਲ ਕਦੇ ਹੋਏ ਨਹੀਂ।) ਪੰਜਾਬੀ ਨਾਟਕ ਦਾ; ਅਤੇ ਉਹ ਵੀ ਤੁਹਾਡੇ ਪਹਿਲੇ ਨਾਟਕ ਦਾ, ਛਪਣਾ ਕਿੰਨਾ ਮੁਸ਼ਕਿਲ ਕੰਮ ਹੈ। ਤਾਂ ਮੈਂ ਹੁਣ ਉਸ ਗੱਲ ਨੂੰ ਇੰਨ-ਬਿੰਨ ਉਵੇਂ ਨਹੀਂ ਦੇਖਦਾ। ਇੱਕ ਤਰ੍ਹਾਂ ਨਾਲ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਇਹ ਨਾਟਕ ਦੇ ਪਾਠਕਾਂ ਅਤੇ ਹੋਰਨਾਂ ਨਿਰਦੇਸ਼ਕਾਂ ਨਾਲ ਵੀ ਜ਼ਿਆਦਤੀ ਸੀ, ਜਿਹੜੇ ਸਕ੍ਰਿਪਟ ਨਾ ਮਿਲਣ ਤੋਂ ਨਾਰਾਜ਼ ਸਨ।

ਨਾਟਕ ਦੀ ਇਤਿਹਾਸਕਾਰੀ ਦਾ ਜ਼ਿਕਰ ਤਾਂ ਮੈਂ ਨਹੀਂ ਕਰਦਾ, ਜੋ ਮੇਰਾ ਕੰਮ ਨਹੀਂ ਹੈ। ਪਰ ਨਾਟਕਕਾਰ ਵਜੋਂ ਬੇਪਛਾਣੇ ਰਹਿ ਜਾਣ ਲਈ ਮੇਰੇ ਕਿਤਾਬ ਨਾ ਛਪਵਾਉਣ ਦੇ ਨਿਰਣੇ ਨੇ ਵੱਡਾ ਰੋਲ ਨਿਭਾਇਆ ਹੈ। ਮੈਂ ਭਾਵੇਂ 'ਈਗੋ-ਮੁਕਤ' ਹੋਣ ਦਾ ਕਿੱਡਾ ਹੀ ਦਾਅਵਾ ਕਿਉਂ ਨਾ ਕਰਾਂ ਪਰ ਜਦੋਂ ਪੰਜਾਬੀ ਨਾਟਕ ਦੇ ਇਤਿਹਾਸਕਾਰ ਡਾ. ਸਤੀਸ਼ ਵਰਮਾ ਹੋਰੀਂ ਮੇਰੀ ਜਾਣ-ਪਛਾਣ ਰੰਗਮੰਚ ਦੇ ਮਹਿਜ਼ ਇੱਕ ਸੀਨੀਅਰ ਵਿਦਿਆਰਥੀ ਵਜੋਂ ਕਰਵਾਉਂਦੇ ਨੇ ਤਾਂ ਈਗੋ ਨੂੰ ਸੱਟ ਵੱਜਦੀ ਸਾਫ਼ ਦਿਖਦੀ ਹੈ। ਇਸ ਵਿੱਚ ਡਾਕਟਰ ਸਤੀਸ਼ ਵਰਮਾ ਦਾ ਕੋਈ ਕਸੂਰ ਨਹੀਂ ਹੈ। ਇਹ ਕਿਸ ਤਰ੍ਹਾਂ ਹੋਇਆ, ਇਸਦਾ ਪਤਾ ਨਹੀਂ ਪਰ ਇਹ ਹੋਇਆ ਜ਼ਰੂਰ ਹੈ ਕਿ ਇੱਕ ਵੱਡੇ ਸਰਕਲ 'ਚ ਇਹ ਗੱਲ ਚਲੀ ਗਈ ਕਿ "ਜੂਠ" ਦਾ ਨਾਟਕਕਾਰ ਵੀ ਸੈਮੁਅਲ ਹੀ ਹੈ। ਜਦਕਿ ਪਹਿਲੀ ਪੇਸ਼ਕਾਰੀ ਵੇਲੇ ਹੀ ਇਹ ਗੱਲ ਸਾਫ਼ ਹੋ ਚੁੱਕੀ ਸੀ ਅਤੇ ਨਾਟਕਕਾਰ ਦੇ ਵਜੋਂ ਬਲਰਾਜ ਸਾਹਨੀ ਓਪਨ ਥਿਏਟਰ ਦੇ ਮੰਚ ਉੱਪਰ ਸੈਮੁਅਲ, ਗੁਰਸ਼ਰਨ ਭਾਅ ਜੀ ਤੇ ਦੂਜੀਆਂ ਹੋਰ ਸ਼ਖਸੀਅਤਾਂ ਦੇ ਨਾਲ ਮੈਂ ਮੌਜੂਦ ਸੀ। (ਮੈਨੂੰ ਪੱਕੀ ਉਮੀਦ ਹੈ ਕਿ ਕਿਸੇ ਨਾ ਕਿਸੇ ਸੱਜਣ ਕੋਲ ਉਸ ਮੌਕੇ ਦੀਆਂ ਫ਼ੋਟੋਆਂ ਵੀ ਜ਼ਰੂਰ ਹੋਣਗੀਆਂ।) ਪਰ ਬਾਅਦ 'ਚ ਕੁਝ ਅਣਜਾਣੇ ਕਾਰਨਾਂ ਕਰਕੇ ਕੁਝ ਭਰਮ ਵਰਗੀ ਸਥਿਤੀ ਬਣੀ, ਜਿਸਦਾ ਮੈਨੂੰ ਵੀ ਹੁਣੇ ਹੀ ਅਹਿਸਾਸ ਹੋਇਆ ਹੈ।

ਡਾ. ਆਤਮਜੀਤ ਹੋਰਾਂ ਨੇ ਜਦੋਂ 'ਤੈਂ ਕੀ ਦਰਦ ਨਾ ਆਇਆ' ਦੀ ਭੂਮਿਕਾ ਲਿਖਦੇ ਹੋਏ ਨਾਟਕਕਾਰੀ ਦੇ ਜਗਤ ਵਿੱਚ ਮੈਨੂੰ ਜੀ-ਆਇਆਂ ਕਿਹਾ ਤਾਂ ਉਸ ਵੇਲੇ ਮੈਂ ਇਹਨੂੰ ਇੰਨੀ ਸਪੱਸ਼ਟਤਾ ਨਾਲ ਮਹਿਸੂਸ ਨਹੀਂ ਸੀ ਕੀਤਾ। ਇਹ ਡਾਕਟਰ ਸਾਹਿਬ ਦੀ ਜਾਣਕਾਰੀ 'ਚ ਨਹੀਂ ਸੀ ਤੇ ਨਾ ਹੀ ਮੇਰੇ ਜ਼ਿਹਨ ਵਿੱਚ ਉਹਨਾਂ ਨੂੰ ਦੱਸਣ ਦਾ ਖ਼ਿਆਲ ਹੀ ਆਇਆ। ਪਰ ਇਤਿਹਾਸਕ ਤੱਥ ਇਹੋ ਹੈ।