ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੱਸਾ ਮੈਂ ਇੱਕ ਰਵਾਇਤੀ ਨਾਟਕ ਵਾਂਗ ਲਿਖ ਵੀ ਲਿਆ ਸੀ। ਪਰ ਦਿਲ 'ਚ ਕੁਝ ਅਜਿਹਾ ਰੜਕਿਆ ਕਿ ਪਾਤਰ ਦੀ ਪੀੜ ਦੀ ਸ਼ਿੱਦਤ ਬਹੁਤੇ ਪਾਤਰਾਂ ਵਿੱਚ ਵੰਡੀ ਜਾ ਕੇ ਪੇਤਲੀ ਪੈ ਰਹੀ ਸੀ। ਇਸ ਗੱਲ ਦਾ ਅਹਿਸਾਸ ਮੈਨੂੰ ਉਸ ਵੇਲੇ ਨਹੀਂ ਸੀ। ਇਸਨੂੰ ਠੀਕ-ਠੀਕ ਤਾਂ ਮੈਂ ਸ਼ਾਇਦ ਹੁਣੇ ਹੀ ਦੇਖਿਆ ਹੈ, ਪਰ ਉਸ ਵੇਲੇ ਵੀ ਇੰਝ ਲੱਗਦਾ ਸੀ ਕਿ ਗੱਲ ਕੁਝ ਬਣ ਨਹੀਂ ਸੀ ਰਹੀ। ਅਜਿਹੇ ਮੌਕਿਆਂ 'ਚ ਮੈਨੂੰ ਬਹੁਤ ਖਿਝ ਚੜ੍ਹਦੀ ਹੈ ਤੇ ਇਸ ਗੱਲੋਂ ਡਰਦਾ ਕਿ ਕਿਸੇ ਨਾਲ ਐਵੇਂ ਲੜ ਹੀ ਨਾ ਪਵਾਂ ਏਧਰ ਓਧਰ ਖਿਸਕ ਜਾਂਦਾ ਹਾਂ। ਉਦੋਂ ਵੀ ਇੰਜ ਹੀ ਹੋਇਆ ਸੀ। ਸੈਮੁਅਲ ਮੇਰੀ ਗ਼ੈਰ-ਹਾਜ਼ਰੀ 'ਚ ਆਇਆ ਤੇ ਲਿਖੇ ਹੋਏ ਕਾਗਜ਼ਾਂ 'ਤੇ ਲੀਕ ਮਾਰ ਕੇ ਚਲਾ ਗਿਆ। ਵਾਪਸ ਆ ਕੇ ਮੈਂ ਵੀ ਉਹਨਾਂ ਨੂੰ ਬਿਨਾ ਮੁੜਕੇ ਦੇਖਿਓਂ ਕੂੜੇ 'ਚ ਸੁੱਟ ਦਿੱਤਾ।

ਹੁਣ ਮੇਰੇ ਅੰਦਰ ਕੁਝ ਸਪਸ਼ਟ ਹੋ ਚੁੱਕਾ ਸੀ। ਸਾਹਮਣੇ ਪਏ ਇੱਕ ਲੈਟਰ-ਪੈਡ ਉੱਤੇ ਇਹ ਸ਼ਬਦ ਉੱਕਰੇ "ਮੈਂ ਓਮ ਪ੍ਰਕਾਸ਼ ਵਾਲਮੀਕੀ..." ਅਤੇ ਇੱਕ-ਪਾਤਰੀ ਨਾਟਕ ਦਾ ਇਹ ਸਫ਼ਰ ਸ਼ੁਰੂ ਹੋਇਆ।

ਨਾਟਕ ਦਾ ਮੋਟਾ ਖਰੜਾ, ਜੀਹਦੇ ਅੰਦਰ ਜੀਵਨੀ ਵਿੱਚਲਾ ਇੱਕ-ਰੇਖਾਈ ਸਮਾਂ ਜਿਸ ਵਿੱਚ ਘਟਨਾਵਾਂ ਤਾਰੀਖ਼ ਜਾਂ ਕੈਲੰਡਰ ਮੁਤਾਬਿਕ ਚੱਲਦੀਆਂ ਹਨ, ਮਨੋਜਗਤ ਦੇ ਸਮੇਂ ਅਨੁਸਾਰ ਢਲ਼ਣ ਲੱਗ ਪਿਆ। ਇਸ ਨਾਟਕੀ ਰੂਪ 'ਚ ਘਟਨਾਵਾਂ ਦੀ ਤਰਤੀਬ ਨੂੰ ਤਾਰੀਖ਼ ਨਹੀਂ ਸਗੋਂ ਮਨ ਉੱਤੇ ਪਈ ਉਹਨਾਂ ਦੀ ਛਾਪ ਦੀ ਡੂੰਘਿਆਈ ਨਿਰਧਾਰਤ ਕਰਦੀ ਹੈ। ਇਸ ਤਰਤੀਬ ਵਿੱਚ ਸਮਾਂ ਇੱਕੋ ਦਿਸ਼ਾ ਵੱਲ ਸਫ਼ਰ ਕਰਦਾ ਹੋਇਆ ਨਜ਼ਰ ਨਹੀਂ ਆਉਂਦਾ, ਬਲਕਿ 'ਸਪੇਸ' ਵਾਂਗ ਉੱਪਰ-ਥੱਲੇ ਤੇ ਅੱਗੇ-ਪਿੱਛੇ ਘੁੰਮਣ ਲੱਗਦਾ ਹੈ। ਇੱਥੇ ਸਮੇਂ ਦੀ ਚਾਲ ਜਾਂ ਗਤੀ ਵੀ ਇੱਕਸਾਰ ਨਹੀਂ ਰਹਿੰਦੀ, ਭਾਵਨਾਵਾਂ ਦੀ ਸ਼ਿੱਦਤ ਉਸਨੂੰ ਹੌਲ਼ੀ ਜਾਂ ਤੇਜ਼ ਕਰਦੀਆਂ ਰਹਿੰਦੀ ਹੈ।

ਇਹ ਸਾਰਾ ਕੁਝ ਆਇਨਸਟਾਇਨ ਦੇ ਸਾਪੇਖਕ ਸਮੇਂ ਦੀ ਯਾਦ ਕਰਾਉਂਦਾ ਸੀ, ਜਿੱਥੇ ਸਮਾਂ ਅੱਡ ਨਹੀਂ ਰਹਿ ਜਾਂਦਾ, ਸਗੋਂ ਸਪੇਸ ਦੇ ਹੀ ਵਿਸਥਾਰ ਦਾ ਇੱਕ ਹਿੱਸਾ ਹੋ ਜਾਂਦਾ ਹੈ, ਇਸ ਵਿੱਚ ਅਨੁਭਵਾਂ ਦੀ ਕੈਦ ਤੇ ਉਹਨਾਂ ਦੀ ਜਕੜਨ ਦਾ ਇੱਕ ਅਹਿਸਾਸ ਹੈ। ਇਸ ਧੁੰਦਲੇ ਜਿਹੇ ਅਹਿਸਾਸ ਵਿੱਚ ਹੀ ਨਾਟਕ ਦੀ ਮੰਚ-ਜੜਤ ਅਤੇ ਸਮੱਗਰੀ ਦੀ ਵਰਤੋਂ ਦੀ ਮਹੀਨ ਵਿਉਂਤਬੰਦੀ

11