ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੁਕੀ ਹੋਈ ਪਈ ਸੀ। ਪਾਤਰ ਨੇ ਬਾਹਰੀ ਸਪੇਸ ਵਿੱਚ ਭਾਵੇਂ ਬਹੁਤ ਪੈਂਡਾ ਤਹਿ ਕਰ ਲਿਆ, ਪਰ ਅਨੁਭਵਾਂ ਦੀ ਸ਼ਕਲ 'ਚ ਜੋ ਮਾਨਸਿਕ ਸਮਾਂ ਉਸ ਅੰਦਰ ਸਥਾਨ ਵਾਂਗ ਪਸਰ ਗਿਆ ਹੈ, ਉਹ ਤਾਂ ਉਸਦੇ ਨਾਲ ਹੀ ਸਫ਼ਰ ਕਰਦਾ ਹੈ। ਉਸਤੋਂ ਮੁਕਤੀ ਦਾ ਮਾਰਗ ਕੀ ਹੈ? ਕਿਸੇ ਵੀ ਤਰ੍ਹਾਂ ਦੀ ਕੋਈ ਭਾਂਜ ਜਾਂ ਪਰਦਾਪੋਸ਼ੀ; ਇਹ ਮਾਰਗ ਦੀ ਨਹੀਂ ਹੋ ਸਕਦੀ ਕਿਉਂਕਿ ਉਸਦਾ ਪਸਾਰ ਵੀ ਸਿਰਫ਼ ਬਾਹਰਲੇ ਪਾਸੇ ਨੂੰ ਹੀ ਹੋਵੇਗਾ। ਇੰਝ ਉਹ ਸਿਰਫ਼ ਮਾਰਗ ਦਾ ਭਰਮ ਹੀ ਸਿਰਜ ਸਕਦੀ ਹੈ। ਨਾਟਕ ਦੇ ਪਰਮ ਸਿਖ਼ਰ ਉੱਤੇ ਪਹੁੰਚਦੇ-ਪਹੁੰਚਦੇ ਮਨੋ-ਚੇਤਨਾ ਦੀ ਮੁਕਤੀ ਦਾ ਇਹ ਸਵਾਲ ਤਿੱਖਾ ਹੋਣ ਲੱਗਦਾ ਹੈ।

ਆਪਣੀ ਕਥਾ ਵਿੱਚਲੇ ਕਈ ਹੋਰ ਪਾਤਰਾਂ ਵਾਂਗ ਵਾਲਮੀਕੀ ਇਸ ਰਾਹ ਨਹੀਂ ਪੈਂਦੇ; ਉਹ ਆਪਣੀ ਪਛਾਣ ਨੂੰ ਛੁਪਾਉਂਦੇ ਨਹੀਂ, ਜਿਉਂਦੇ ਹਨ।

ਭਾਵੇਂ ਇਹ ਨਾਟਕ ਉਹਨਾਂ ਦੀ ਜੀਵਨੀ ਦਾ ਨਾਟ-ਰੂਪ ਹੈ, ਪਰ ਇਸ ਵਿੱਚਲਾ ਪਾਤਰ ਇਸ ਸਵਾਲ ਨਾਲ ਵੀ ਦੋ-ਚਾਰ ਹੁੰਦਾ ਹੈ ਕਿ ਅਤੀਤ ਤੋਂ ਬਣੀ ਪਛਾਣ (ਜਿਸਦੇ ਪਿੱਛੇ ਮਹੀਨ ਹੀਣ-ਭਾਵਨਾ ਹੀ ਹੁੰਦੀ ਹੈ ਜਾਂ ਸੌਖੇ ਮਾਰਗ ਦੀ ਤਲਾਸ਼।) ਨੂੰ ਛੁਪਾਏ ਤੋਂ ਬਗ਼ੈਰ ਤੇ ਉਸਨੂੰ ਜੱਫ਼ਾ ਪਾਉਣ ਤੋਂ ਬਿਨਾ ਜਿਉਣ ਦਾ ਕੀ ਕੋਈ ਹੋਰ ਮਾਰਗ ਵੀ ਹੈ। ਇਸ ਬਿੰਦੂ ਉੱਤੇ ਨਾਟਕ ਵਿੱਚਲਾ ਪਾਤਰ ਜੀਵਨੀ ਵਾਲੇ ਵਾਲਮੀਕੀ ਹੋਰਾਂ ਨਾਲੋਂ ਹੋ ਸਕਦਾ ਕੁਝ ਭਿੰਨ੍ਹ ਨਜ਼ਰ ਆਵੇ।

...ਪਰ ਇਹ ਪਾਤਰ ਹੁਣ ਮੇਰੇ ਕਾਬੂ ਤੋਂ ਬਾਹਰ ਹੈ। ਸ਼ਾਇਦ ਇਹ ਮੇਰੇ ਅਤੇ ਵਾਲਮੀਕੀ ਹੋਰਾਂ ਦੇ ਸੰਵਾਦ ਦੇ ਕੁੰਡ ਵਿੱਚੋਂ ਪ੍ਰਗਟਿਆ ਹੈ, ਜਿਸ ਵਿੱਚੋਂ ਮੈਂ ਚਾਹੁੰਦੇ ਹੋਏ ਵੀ ਖ਼ੁਦ ਨੂੰ ਖ਼ਾਰਜ ਨਹੀਂ ਕਰ ਸਕਦਾ। ਨਾਟਕ ਵਿੱਚਲਾ ਪਾਤਰ ਕਿਸੇ ਆਤਮਾ ਦੇ ਭਰਮ ਵਿੱਚ ਪਏ ਤੋਂ ਬਿਨਾ ਖ਼ੁਦ ਤੋਂ ਇਹ ਪੁੱਛਦਾ ਹੈ ਕਿ ਉਹਨਾਂ ਅਨੁਭਵਾਂ ਨਾਲ ਉਸਦਾ ਕੀ ਨਾਤਾ ਹੈ, ਕੀ ਉਹ ਉਹਨਾਂ ਤੋਂ ਛੁੱਟ ਵੀ ਕੁਝ ਹੈ?

ਵਾਲਮੀਕੀ ਸਾਹਿਬ ਦੀ ਜੀਵਨੀ ਨੂੰ ਇਸ ਨਾਟਕੀ ਰੂਪ 'ਚ ਢਾਲ਼ਦੇ ਸਮੇਂ ਹੋਏ ਆਪਣੇ ਅਨੁਭਵਾਂ; ਜੋ ਇੱਕ ਵੱਖਰੀ ਹੀ ਦਾਸਤਾਨ ਹੈ, ਨੂੰ ਮੈਂ ਇੱਥੇ ਬਿਆਨ ਨਹੀਂ ਕਰਾਂਗਾ। ਬੱਸ ਇੰਨਾ ਹੀ ਜ਼ਿਕਰ ਕਰਾਂਗਾ ਕਿ ਉਹਨਾਂ ਦੀ ਜੀਵਨੀ ਨੇ ਮੈਨੂੰ ਆਪਣੇ ਬਚਪਨ ਤੇ ਮੁੱਢਲੀ ਜਵਾਨੀ ਦੇ ਕਈ ਅਨੁਭਵਾਂ ਨੂੰ ਮੁੜ ਨਵੇਂ ਹੀ ਸਿਰੇ 'ਤੋਂ ਦੇਖਣ ਲਈ ਮਜ਼ਬੂਰ ਕਰ ਦਿੱਤਾ ਤੇ ਉਹਨਾਂ ਤੋਂ ਮੁਕਤ ਹੋਣ ਲਈ ਇੱਕ ਤੜਫ਼ ਵੀ ਪੈਦਾ ਕੀਤੀ ਸੀ।

12