ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਮ ਘੁੱਟ ਜਾਏ ਬੰਦੇ ਦਾ। (ਦਰਸ਼ਕਾਂ ਵੱਲ ਵੱਧਦਾ ਹੈ!) ਤੰਗ ਗਲ਼ੀਆਂ, ਅਵਾਰਾ ਘੁੰਮਦੇ ਸੂਰ, ਕੁੱਤੇ ਤੇ... ਰੂੜੀਆਂ ਤੇ ਖੇਡਦੇ ਨੰਗ-ਧੜੰਗੇ ਜੁਆਕ, ਲੜਾਈ-ਝਗੜਾ ਮਾਰ-ਕੁਟਾਈ, ਬੱਸ ਇਹੋ ਜਿਹੇ ਮਹੌਲ ਵਿੱਚ ਮੇਰਾ ਬਚਪਨ ਗੁਜ਼ਰਿਆ।

(ਆਲੇ-ਦੁਆਲੇ ਇੰਝ ਦੇਖਦਾ ਹੈ ਜਿਵੇਂ ਕਿਸੇ ਡੂੰਘੀ ਗੁਫ਼ਾ `ਚ ਉੱਤਰ ਰਿਹਾ ਹੋਵੇ।)

ਛੱਪੜ ਦੇ ਏਸ ਕੰਢੇ ਚੂੜ੍ਹਿਆਂ ਦਾ ਵਿਹੜਾ ਸੀ ਤੇ ਦੂਜੇ ਪਾਸੇ ਜੱਟਾਂ ਅਤੇ ਬ੍ਰਾਹਮਣਾਂ ਦੇ ਘਰ। ਛੱਪੜ ਵਿੱਚਾਲੇ ਵੰਡ ਦਾ ਕੰਮ ਕਰਦਾ ਸੀ। ਜੱਟ... ਬਾਹਮਣ... ਤੇ ਚੂਹੜੇ।

(ਹੱਥ ਨਾਲ ਪੈਰਾਂ ਮੂਹਰਲੀ ਸਪੇਸ ਨੂੰ ਖ਼ਾਨਿਆਂ ਵਿੱਚ ਵੰਡਣ ਦਾ ਜੈਸਚਰ ਕਰਦਾ ਹੈ, ਚਿਹਰੇ 'ਤੇ ਕੁੜੱਤਣ ਭਰੀ ਮੁਸਕਾਨ ਆਉਂਦੀ ਹੈ। ਗੋਲ ਘੁੰਮਦਾ ਹੋਇਆ)

ਪਿੰਡ ਦੀਆਂ ਸਾਰੀਆਂ ਕੁੜੀਆਂ-ਬੁੜ੍ਹੀਆਂ ਛੱਪੜ ਦੇ ਕੰਢੇ ਹੀ ਜੰਗਲ-ਪਾਣੀ ਆਉਂਦੀਆਂ। ਇੱਥੋਂ ਤੱਕ ਕਿ ਸੱਜ-ਵਿਆਹੀਆਂ ਘੁੰਡ ਕੱਢੀ, ਦੁਪੱਟੇ ਲਪੇਟੀ... (ਹਾਉਕਾ) ਨੰਗ ਉਘਾੜਕੇ ਬੈਠ ਜਾਂਦੀਆਂ।

(ਚਿਹਰਾ ਪਥਰਾਅ ਜਾਂਦਾ ਹੈ: ਭਾਵਹੀਨ।)

ਵਿਹੜੇ ਦੇ ਲੋਕ ਗੋਹੇ-ਕੂੜੇ ਤੋਂ ਲੈਕੇ ਮਿਹਨਤ ਮਜੂਰੀ ਤੇ ਦਿਹਾੜੀ-ਦੱਪੇ ਦਾ ਕੰਮ ਕਰਦੇ ਸੀ ਤੇ ਰਾਤ-ਬਰਾਤੇ ਵਗਾਰ ਵੀ ਕਰਨੀ ਪੈਂਦੀ ਸੀ (ਇੱਕੋ ਸਾਹ 'ਚ) ਤੇ ਇਸ ਵਗਾਰ ਦੇ ਬਦਲੇ ਮਿਲਦੀਆਂ ਸੀ ਗਾਲ੍ਹਾਂ ਤੇ ਬੇਜ਼ਤੀ। ਨਾਂਹ-ਨੁੱਕਰ ਦੀ ਤਾਂ ਹਿੰਮਤ ਈ ਕਿਸੇ 'ਚ ਨਹੀਂ ਸੀ, ਨਾ ਕੋਈ ਸੋਚਦਾ! (ਦਰਦ ਨਾਲ ਚੇਹਰਾ ਸੁੰਗੜਦਾ ਹੈ।) ਪਿੰਡ ਦਾ ਇੱਕ ਵੀ ਬੰਦਾ ਵਿਹੜੇ ਆਲਿਆਂ ਦਾ ਨਾਂ ਲੈਕੇ ਨਹੀਂ ਸੀ ਬੁਲਾਉਂਦਾ...। ਸਗੋਂ ਓ... ਚੂੜ੍ਹਿਆ, ਵੇਲੇ ਸਿਰ ਆ ਜੀਂ ਕੰਮ 'ਤੇ। ਇਹੋ ਕੁਝ ਹੀ ਸੁਣਨਾ ਪੈਂਦਾ ਸੀ।

(ਪਿੱਛੇ ਮੁੜਕੇ ਫੇਰ ਕੂੜੇ ਕੋਲ ਆ ਜਾਂਦਾ ਹੈ, ਉਸ ਵੱਲ ਦੇਖਦਾ ਹੈ ਤੇ ਫੇਰ ਦਰਸ਼ਕਾਂ ਵੱਲ।)

ਵਿਹੜੇ ਦੇ ਬਾਕੀ ਜੁਆਕਾਂ ਵਾਂਗੂੰ ਮੈਂ ਵੀ ਘਰੇ ਬੈਠਾ ਰਹਿੰਦਾ

18