ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਸਕੂਲ 'ਚ ਤਾਂ ਸਾਨੂੰ ਕੋਈ ਵੜ੍ਹਣ ਨਹੀਂ ਸੀ ਦਿੰਦਾ। (ਉਤਸ਼ਾਹ 'ਚ) ਪਰ ਬਾਪੂ ਮੇਰੇ ਦੀ ਬਹੁਤ ਇੱਛਾ ਸੀ ਮੈਨੂੰ ਪੜ੍ਹਾਉਣ ਦੀ। ਉਹਨਾਂ ਨੇ ਸਕੂਲ ਦੇ ਬਹੁਤ ਗੇੜੇ ਮਾਰੇ, ਮਾਸਟਰਾਂ ਦੇ ਮਿੰਨਤਾਂ ਤਰਲੇ ਕੱਢੇ ਤਾਂ ਆਖਰ ਨੂੰ ਕਰ-ਕਰਾ ਕੇ ਮੈਨੂੰ ਸਕੂਲ ਵਿੱਚ ਦਾਖ਼ਲ ਕਰਵਾਤਾ। (ਵਿਅੰਗ ਭਰਿਆ ਹਾਸਾ)

(ਦਿਮਾਗ਼ 'ਤੇ ਜ਼ੋਰ ਪਾਉਂਦੇ ਹੋਏ)

ਸਕੂਲ ਵਿੱਚ ਬਾਕੀ ਜੁਆਕਾਂ ਤੋਂ (ਹੱਥ ਨਾਲ ਕਿਸੇ ਨੂੰ ਪਰ੍ਹੇ ਹਟਾਉਣ ਦਾ ਜੈਸਚਰ ਕਰਦਾ ਹੈ) ਦੂਰ ਬੈਠਣਾ ਪੈਂਦਾ ਸੀ। ਦੂਰ ਦਰਵਾਜ਼ੇ ਕੋਲ। ਸਕੂਲ ਦੇ ਸਾਰੇ ਜੁਆਕ ਹਰ ਵੇਲੇ, 'ਚੂਹੜੇ ਦਾ ਓਏ!' ਕਹਿ-ਕਹਿ ਕੇ ਛੇੜਦੇ ਰਹਿੰਦੇ; ਬਿਨਾ ਗੱਲੋਂ ਕੁੱਟ ਦਿੰਦੇ, ਮਾਸਟਰਾਂ ਤੋਂ ਜਿਹੜੀ ਕੁੱਟ ਪੈਂਦੀ ਉਹ ਵੱਖਰੀ। ਸਬਕ ਜਾਂ ਪੜ੍ਹਾਈ ਕਰਕੇ ਨਹੀਂ ਸਗੋਂ ਇਸ ਕਰਕੇ ਕਿ ਮੈਂ ਪਾਣੀ ਵਾਲ਼ੇ ਨਲ਼ਕੇ ਨੂੰ ਹੱਥ ਲਾ ਦਿੱਤਾ ਸੀ।

(ਲੰਬੀ ਚੁੱਪ)

ਮੈਨੂੰ ਸਕੂਲੋਂ ਕੱਢਣ ਦੇ ਸਾਰੇ ਹੱਥਕੰਡੇ ਵਰਤੇ ਗਏ। ਉਹ ਮੈਨੂੰ ਉਸੇ ਹੀ ਕੰਮ 'ਚ ਲਾ ਦੇਣਾ ਚਾਹੁੰਦੇ ਸੀ ਜੀਹਦੇ 'ਚ ਮੇਰੀਆਂ ਪਿਛਲੀਆਂ ਕਈ ਪੀੜ੍ਹੀਆਂ ਜੰਮੀਆਂ ਤੇ ਮਰ ਗਈਆਂ। ਉਹਨਾਂ ਲਈ ਤਾਂ ਮੇਰਾ ਜਨਮ ਵੀ ਇਸੇ ਵਾਸਤੇ ਹੋਇਆ ਸੀ। (ਚੁੱਪ) ਪਰ ਬਾਪੂ ਜੀ ਵਾਰ-ਵਾਰ ਆਖਦੇ, ਮੁਣਸ਼ੀ ਪੁੱਤ; ਪੜ੍ਹ ਲਿਖਕੇ ਜਾਤ ਸੁਧਾਰਨੀ ਆ। ਤੇ ਇਹ ਗੱਲ (ਮੱਥਾ ਠੋਕਦਾ ਹੈ।) ਮੇਰੇ ਇੱਥੇ ਵੱਜਦੀ ਰਹਿੰਦੀ .. ਵੱਜਦੀ ਰਹਿੰਦੀ। ਉਦੋਂ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਸੀ ਕਿ ਸ਼ਾਇਦ ਐਂ ਈ ਜਾਤ ਸੁਧਰ ਜੁਗੀ।

ਮੈਲ਼ੇ-ਕੁਚੈਲ਼ੇ ਕੱਪੜੇ ਪਾਕੇ ਸਕੂਲ ਚਲੇ ਜਾਣਾ ਤਾਂ, ਪਰੇ ਮਰ ਓਇ... ਕੇ ਬੋਅ ਮਾਰਦੀ ਆ ਤੇਰੇ 'ਚੋਂ ਅਤੇ ਜੇ ਕਿਤੇ ਧੋਤੇ ਜਾਂ ਮਾਸੀ-ਭੂਆ ਕੋਲੋਂ ਮਿਲੇ ਨਵੇਂ ਪਾ ਲੈਂਦਾ ਤਾਂ ਫਿਰ ਵੀ ਮਸ਼ਕਰੀਆਂ, "ਆ ਭੰਗੀ ਆ ਚੂੜ੍ਹਾ; ਅੱਜ ਤਾਂ ਨਵੇਂ ਪਾਈ ਫਿਰਦਾ ਉਏ।" ਇਹੋ ਜਿਹੇ ਮਹੌਲ ਚ ਪੜਣਾਂ-ਪੁੜਨਾ ਤਾਂ ਕੀ... ! ਬਹੁਤ ਔਖਾ ਕੰਮ... ਸੀ।

19