ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਾ ਦਿੰਦੀ।

ਇੱਕ ਦਿਨ ਬਾਪੂ ਜੀ ਸਕੂਲ ਮੂਹਰੋਂ ਦੀ ਲੰਘੇ। ਬਾਪੂ ਨੂੰ ਵੇਖਦਿਆਂ ਹੀ ਮੈਂ ਭੁੱਬੀਂ ਰੋਣ ਲੱਗ ਪਿਆ। "ਬਾਪੂ ਬਾਪੂ ਇਹ ਮੈਥੋਂ ਸਾਰਾ ਦਿਨ ਹੀ ਝਾਤੂ ਮਰਵਾਉਂਦੇ ਰਹਿੰਦੇ ਆ... ਪੜ੍ਹਨ ਨਹੀਂ ਦਿੰਦੇ।"

"ਕਿਹੜਾ ਮਾਸਟਰ ਆ ਉਏ ਦਰੁਣਾਚਾਰੀਆਂ ਦੀ ਔਲਾਦ ਜਿਹੜਾ ਮੇਰੇ ਪੁੱਤ ਤੋਂ ਝਾੜੂ ਮਰਵਾਉਂਦਾ ਰਹਿੰਦਾ ਐ?" ਬਾਪੂ ਦੀ ਆਵਾਜ਼ ਸੁਣਕੇ ਹੈੱਡ-ਮਾਸਟਰ ਸਣੇ ਬਾਕੀ ਸਾਰੇ ਮਾਸਟਰ ਵੀ ਬਾਹਰ ਆ ਗਏ।

ਹੈੱਡ-ਮਾਸਟਰ ਨੇ ਮੇਰੇ ਪਿਤਾ ਨੂੰ ਧਮਕਾਉਣਾ ਚਾਹਿਆ। ਪਰ ਤੀਰ ਦੀ ਕਮਾਨ ਵਾਂਗੂੰ ਝੁਕੇ ਰਹਿਣ ਵਾਲੇ ਪਿਤਾ ਜੀ ਹੈੱਡਮਾਸਟਰ ਸਾਹਮਣੇ ਆਕੜ ਕੇ ਬੋਲੇ... "ਉਏ ਮਾਸਟਰਾ ਇਹ ਚੂਹੜੇ ਦਾ ਪੁੱਤ ਇੱਥੇ ਹੀ ਪੜ੍ਹੂਗਾ, ਇਹ 'ਨੀ ਹੋਰ ਵੀ ਆਉਣਗੇ।" ਪਹਿਲੀ ਵਾਰ ਮੈਂ ਬਾਪੂ ਨੂੰ ਐਂ ਤਣਦੇ ਦੇਖਿਆ ਸੀ, ...ਮੇਰੀ ਖ਼ਾਤਰ..., ਉਨ੍ਹਾਂ ਬੋਲਾਂ ਨੇ ਮੇਰਾ ਜੀਵਨ ਹੀ ਬਦਲ ਦਿੱਤਾ। ਇਹ ਇੱਕ ਨਵਾਂ ਮੋੜ ਸੀ।

(ਚੁੱਪ! ਜਿਵੇਂ ਅਤੀਤ ’ਚ ਡੁੱਬਿਆ ਹੋਵੇ! ਫੇਰ ਸਿਰ ਝਟਕ ਕੇ ਵਰਤਮਾਨ 'ਚ ਆਉਂਦਾ ਹੈ।)

ਇਹੋ ਜਿਹੇ ਕੁਝ ਤੋਂ ਬਾਅਦ ਹੁਣ ਮੈਂ ਚੌਥੀ ਜਮਾਤ ਵਿੱਚ ਹੋ ਗਿਆ ਸੀ। ਸੁੱਖਣ ਤੇ ਰਾਮ ਸਿੰਘ ਇਹ ਮੇਰੇ ਜਮਾਤੀ ਹੁੰਦੇ ਸੀ। ਅਸੀਂ ਤਿੰਨੇ 'ਕੱਠੇ ਹੀ ਬੈਠਦੇ ਸੀ ਤੇ ਕੁੱਟ ਵੀ ਸਾਡੇ ਤਿੰਨਾਂ ਦੇ ਬਹੁਤ ਪੈਂਦੀ ਸੀ। ਇੱਕ ਵਾਰ ਸੁੱਖਣ ਦੇ ਫੋੜਾ ਹੋ ਗਿਆ, "ਐਥੇ ਪੱਸਲੀਆਂ 'ਤੇ। (ਗੱਲ ਕਰਦਾ ਹੋਇਆ ਉਹ ਹਰ ਕਿਰਦਾਰ ਮੁਤਾਬਕ ਢਲ਼ ਜਾਂਦਾ ਹੈ।) ਉਹ ਕਮੀਜ਼ ਨੂੰ 'ਤਾਂਹ ਜਿਹੇ ਚੱਕੀ ਰੱਖਦਾ। ਉਹਦੇ ਫੋੜੇ 'ਚੋਂ ਲਹੂ ਪਾਕ ਜਿਹਾ ਰਿਸਦਾ ਰਹਿੰਦਾ। ਇੱਕ ਦਿਨ ਮਾਸਟਰ ਨੇ ਕੁੱਟਦਿਆਂ-ਕੁੱਟਦਿਆਂ ਇੱਕ ਘਸੁੰਨ ਉਹਦੇ ਫੋੜੇ 'ਤੇ ਜੜਤਾ।" ਹਾਏ! ਮੈਂ ਮਰ ਗਿਆ... ਉਏ।)

(ਚੀਕ ਪੈਂਦਾ ਹੈ ਤੇ ਫੇਰ ਥੋੜੀ ਚੁੱਪ)

21