ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਰਾਂ 'ਚ। ਭੀਖੂ ਚੀਕਾਂ ਮਾਰਦਾ ਭੱਜ ਗਿਆ। ਲੱਗ ਪਿਆ ਬੁੜ੍ਹਾ ਗਾਲ੍ਹਾਂ ਕੱਢਣ, "ਇਨਾਂ ਦੀ ਉਏ ਭੈਣ ਦੀ, ਇਹਨਾਂ ਦੀ ਉਏ ਮਾਂ ਦੀ, ਇਹਨਾਂ ਦੀ ਉਏ... ਚੂਹੜਿਆਂ ਝੜੰਮਾਂ ਦੀ... ਆਜੋ ਓਏ ਪਿੰਡ ਵਾਲਿਉ..., ਇੰਨਾਂ ਸਾਡਾ ਚੁੱਲ੍ਹਾ-ਚੌਂਕਾ ਭਿੱਟਤਾ, ਆ ਜੋ ਉਏ 'ਕੱਠੇ ਹੋ ਕੇ।

(ਹੱਸ ਹੱਸ ਕੇ ਸੁਣਾਉਂਦਾ ਹੈ।)

ਸਾਰਾ ਪਿੰਡ 'ਕੱਠਾ ਕਰ ਲਿਆ। ਕੋਈ ਕਹੇ, "ਇਹਨਾਂ ਦੇ ਭੈਣ ਦੇ ਯਾਰਾਂ ਦੇ ਬੰਨੋ ਹੱਥ ਪੈਰ ਤੇ ਦਰੱਖ਼ਤ 'ਤੇ ਪੁੱਠਾ ਟੰਗ ਦਿਉ।" ਭਿਉਂ-ਭਿਉਂ ਮਾਰੋ ਛਿੱਤਰ, ਤਮਾਸ਼ਾ ਹੋ ਗਿਆ। ਮਾਸਟਰ ਦਾ ਭਰਾ ਬੁੜ੍ਹੇ ਨੂੰ ਲੱਗਾ ਸਮਝਾਉਣ, ਉਹ ਜੁੱਤੀ ਲੈਕੇ ਹੋ ਲਿਆ ਉਹਦੇ ਦੁਆਲੇ, ਓਹ ਮਾਰੇ ਚੀਕਾਂ। ਮਸਾਂ ਜਾਨ ਬਚਾਕੇ ਘਰ ਪਹੁੰਚੇ।

ਓਦਣ ਕਹਾਣੀ ਦੇ ਅੰਤ 'ਚ... ਹੱਸਦਿਆਂ-ਹੱਸਦਿਆਂ ਸਭ ਗੰਭੀਰ ਹੋ ਗਏ। ਮੇਰੇ ਹਾਸੇ ਪਿਛਲੀ ਪੀੜ ਨੂੰ ਉਹਨਾਂ ਫੜ੍ਹ ਲਿਆ ਸੀ, ਸਭ ਹਿੱਲ ਗਏ ਸੀ ਬੁਰੀ ਤਰ੍ਹਾਂ। ਚੁੱਪ ਵਰਤ ਗਈ, ਕੋਈ ਬੋਲੇ ਈ ਨਾ। ਮਹਿਫ਼ਲ ਖਿੰਡ ਗਈ। (ਚੁੱਪ) ਮੈਨੂੰ ਬੜਾ ਅਫ਼ਸੋਸ ਹੋਇਆ ਕਿ ਮੈਂ ਕਿਉਂ ਐਵੇਂ ਆਵਦਾ ਰੋਣਾ-ਧੋਣਾ ਲੈ ਕੇ ਬਹਿ ਗਿਆ। ਪਰ ਅੰਦਰੋਂ ਕਿਤੇ ਖ਼ੁਸ਼ੀ ਵੀ ਹੋਈ ਕਿ ਕੋਈ ਤਾਂ ਹੈ ਜੋ ਸਮਝਦਾ..., ਤੁਹਾਡੇ ਦਰਦ ਨੂੰ ਮਨ ਹੌਲ਼ਾ ਹੋ ਗਿਆ। ਮੈਂ ਪਾਟਿਲ ਵੱਲ ਦੇਖਿਆ, ਉਹ ਚੁੱਪਚਾਪ ਛੱਤ ਨੂੰ ਘੂਰੀ ਜਾ ਰਿਹਾ ਸੀ। ਬਾਕੀ ਸਭ ਤਾਂ ਜਾ ਚੁੱਕੇ ਸਨ। ਮੇਰੇ ਬੋਲਣ ਤੋਂ ਪਹਿਲਾਂ ਈ ਉਹ ਬੋਲ ਪਿਆ, "ਸੌਂ ਜਾ।" ਤੇ ਵੱਖ ਲੈ ਕੇ ਮੂੰਹ ਪਰ੍ਹਾਂ ਨੂੰ ਕਰ ਲਿਆ। ਮੈਂ ਸਮਝ ਗਿਆ, ਪਰ ਬੋਲਿਆ ਕੁਝ ਨਹੀਂ। ਚੁੱਪਚਾਪ ਲੇਟ ਗਿਆ, ਪਤਾ 'ਨੀ ਕਦੋਂ ਨੀਂਦ ਆਂ ਗਈ।

ਸਵੇਰੇ ਉੱਠਿਆ ਤਾਂ ਪਾਟਿਲ ਜਾ ਚੁੱਕਿਆ ਸੀ। ਮੈਨੂੰ ਯਾਦ ਆਇਆ ਕਿ ਅੱਜ ਤਾਂ ਰੀਹਰਸਲ ਹੈ, ਫਟਾਫਟ ਤਿਆਰ ਹੋਇਆ। ਪਾਟਿਲ ਨੇ ਈ ਆਚਾਰਿਆ ਅਤਰੇ ਦੇ ਇੱਕ ਮਰਾਠੀ ਨਾਟਕ ਨੂੰ ਹਿੰਦੀ 'ਚ ਕੀਤਾ ਸੀ। ਮੈਂ ਉਸ 'ਚ ਹੀਰੋ ਸੀ, (ਮੁਸਕਰਾਉਂਦਾ ਹੈ।) ਮੇਨ

46