ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀ ਐ ਕਿ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਘਰ ਦੀ ਮਾਲਕਣ ਪਰਿਵਾਰ ਦੇ ਸਾਰੇ ਮਰਦਾਂ ਨੂੰ ਨਵਾਉਂਦੀ ਐ..., ਚੰਦਨ ਤੇ ਤੇਲ ਦੀ ਮਾਲਿਸ਼ ਕਰਕੇ, ਓ ਵੀ ਤੜਕੇ ਚਾਰ ਵਜੇ।"

ਮੇਰਾ ਮੂੰਹ ਟੱਡਿਆ ਗਿਆ। ਉਹ ਮਜ਼ਾ ਲੈ ਰਿਹਾ ਸੀ। ਮੈਂ ਉਹਨੂੰ ਨਾਲ ਚੱਲਣ ਲਈ ਮਨਾਇਆ, "ਜਨਾਬ ਇਹ ਸੱਦਾ ਖਾਸ ਤੁਹਾਡੇ ਲਈ ਓ ਐ।"

...ਮੈਂ ਤੇ ਇਹਨਾਂ ਦੇ ਪਰਿਵਾਰ ਦਾ ਮੈਂਬਰ? ਸਾਰੀ ਰਾਤ ਮੈਨੂੰ ਨੀਂਦ ਨਾ ਆਈ, ਤੜਕੇ ਚਾਰ ਵਜੇ ਪਹੁੰਚਣਾ ਸੀ। (ਚੁੱਪ) ਦੂਜੇ ਦਿਨ, ਮੈਂ... ਪਹੁੰਚਿਆ ਤਾਂ... ਸਵੀਤਾ ਨੇ ਦਰਵਾਜ਼ਾ ਖੋਲ੍ਹਿਆ (ਜਿਵੇਂ ਸਾਹਮਣੇ ਖੜ੍ਹੀ ਨੂੰ ਦੇਖ ਰਿਹਾ ਹੋਵੇ।) ਮੇਰੀ ਬਾਂਹ ਫੜਕੇ ਅੰਦਰ ਖਿੱਚਕੇ ਲੈ ਗਈ। ਕਹਿੰਦੀ ਆ ਗਏ ਓ ਤੁਸੀਂ। ਮੈਂ ਹਾਲੇ ਵੀ ਨਾਰਮਲ ਨਹੀਂ ਸੀ। ਦਮ ਘੁੱਟ ਰਿਹਾ ਸੀ, ਉਹੋ ਪੁਰਾਣੇ ਪ੍ਰੇਤ ਫੇਰ ਜਾਗ ਪਏ। ਕੁਲਕਰਨੀ ਸਾਹਿਬ ਪਹਿਲਾਂ ਹੀ ਤਿਆਰ ਬੈਠੇ ਸੀ। ਉਹਨਾਂ ਮੈਨੂੰ ਵੀ ਇਸ਼ਾਰਾ ਕੀਤਾ... ਕਪੜੇ ਲਾਹੁਣ ਲਈ। ਮੈਨੂੰ ਸ਼ਰਮਾਉਂਦਿਆਂ ਦੇਖ ਸਵੀਤਾ ਦੀ ਮਾਂ ਨੇ ਮੇਰਾ ਹੱਥ ਫੜ ਲਿਆ, "ਵਾਲਮੀਕੀ ਪੁੱਤ ਤੂੰ ਤਾਂ ਮੇਰੇ ਪੁੱਤਾਂ ਵਰਗਾਂ।" ਮੈਂ ਸੁੰਗੜੀ ਜਾ ਰਿਹਾ ਸੀ। "ਲੈ, ਮੈਥੋਂ ਕਾਹਦੀ ਸ਼ਰਮ।" ਉਹਨੇ ਬੜੇ ਪਿਆਰ ਨਾਲ ਕੋਸਾ-ਕੋਸਾ ਪਾਣੀ ਪਾਇਆ ਤੇ ਵਟਣਾ ਮਲ਼ਣ ਲੱਗੀ... (ਚਿਹਰੇ ਤੇ ਅੱਖਾਂ 'ਚ ਤੇਜ਼ੀ ਨਾਲ ਭਾਵ ਬਦਲਦੇ ਹਨ।)

ਮੈਨੂੰ ਮੇਰੇ ਮਾਂ ਦੇ ਖੁਰਦਰੇ ਹੱਥਾਂ ਦੀ ਯਾਦ ਆ ਗਈ। ਉਹ ਬੀਮਾਰ ਸੀ ਪਰ ਮੈਂ ਜਾ ਨਹੀਂ ਸੀ ਸਕਦਾ। (ਸਿਰ ਝਟਕਦਾ ਹੈ।) ਵਟਣੇ 'ਚੋਂ ਬੜੀ ਸੋਹਣੀ ਖੁਸ਼ਬੂ ਆ ਰਹੀ ਸੀ। ਫੇਰ ਮੈਨੂੰ ਝੁਣਝੁਣੀ ਜਿਹੀ ਆ ਗਈ... ਜੇ ਇਹਨਾਂ ਨੂੰ ਪਤਾ ਲੱਗ ਗਿਆ, ਮੇਰੀ ਜਾਤ, ਮੇਰਾ ਘਰ, ਮੇਰਾ ਪਰਿਵਾਰ ਮੈਂ ਕੰਬ ਗਿਆ..., ਬੰਧੂਆ ਮਜ਼ਦੂਰਾਂ ਵਾਲਾ ਪੂਰੇ ਦਾ ਪੂਰਾ ਸੀਨ ਅੱਖਾਂ ਮੂਹਰੇ ਘੁੰਮ ਗਿਆ। ਰੰਗ ਮੇਰਾ ਪੀਲਾ ਭੂਕ। ਉਸ ਨੇ ਮੇਰੇ ਵੱਲ ਤੱਕਿਆ, ਕੀ ਹੋਇਆ?" ਮੇਰੀ 'ਵਾਜ਼ ਈ ਨਾ ਨਿਕਲੀ। ਕਿਵੇਂ ਨਾ ਕਿਵੇਂ... ਮੌਕਾ ਮਿਲਦੇ ਹੀ... ਭੱਜ ਨਿਕਲਿਆ ਉਥੋਂ।

50