ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਹੱਥ ਫੜ੍ਹਕੇ ਉਸਦੀਆਂ ਅੱਖਾਂ 'ਚ ਦੇਖਦੇ ਹੋਏ)

"ਨਹੀਂ, ਸਵੀਤਾ! ਇਹੋ ਸੱਚ ਹੈ, ਸੱਚ... ਜੋ ਮੈਨੂੰ ਦੱਸਿਆ ਗਿਆ!"

(ਹੱਥ ਛੱਡ ਦਿੰਦਾ ਹੈ ਤੇ ਖੜ੍ਹਾ ਹੋ ਜਾਂਦਾ ਹੈ।)

ਜਨਮ ਜਨਮਾਂਤਰ ਦੀ ਖਾਈ ਸਾਡੇ ਦਰਮਿਆਨ ਉੱਭਰ ਆਈ। ਉਹ ਰੋਂਦੀ ਰਹੀ, ਰੋਂਦੀ ਰਹੀ। ਪਤਾ ਨਹੀਂ ਮੇਰੇ ਲਈ ਜਾਂ ਆਪਣੇ ਲਈ। ਉਹਦਾ ਰੋਣਾ ਯਾਦ ਕਰਕੇ ਅੱਜ ਵੀ ਮੇਰਾ ਜੀਅ ਭਰ ਆਉਂਦਾ। ਹੁਣ ਮੇਰਾ ਪਿਆਰ ਤੋਂ ਵਿਸ਼ਵਾਸ ਉੱਠ ਗਿਆ ਸੀ। ਐਵੇਂ ਖਾਲੀ ਸ਼ਬਦ ਨੇ ਇਹ ਸਭ| ਅਸੀਂ ਆਪਣੀਆਂ ਪਛਾਣਾਂ ਦੇ ਗੁਲਾਮ ਆਂ। ਅਤੀਤ ਦੇ ਬੱਧੇ... ਅਸੀਂ ਨਾਲੋ-ਨਾਲ ਤੁਰ ਰਹੇ ਸੀ, ਪਰ ਬਹੁਤ ਦੂਰ ਸੀ ਇੱਕ ਦੂਜੇ 'ਤੋਂ।

ਰੋਂਦਿਆਂ-ਰੋਂਦਿਆਂ ਬੋਲੀ, "ਹੁਣ ਤੁਸੀਂ ਕਦੇ ਨਹੀਂ ਆਵੋਗੇ। ਆਵੋ ਭਾਵੇਂ ਨਾ, ਪਰ ਪਿਤਾ ਜੀ ਨੂੰ ਇਹ ਸੱਚ ਨਾ ਦੱਸਣਾ।"

"ਕਿਉਂ।"

"ਬੱਸ ਨਹੀਂ ਦੱਸਣਾ।"

ਉਸਦੀਆਂ ਅੱਖਾਂ 'ਚ ਤਰਲਾ ਸੀ।

"ਨਹੀਂ ਦੱਸੋਗੇ ਨਾ, ਵਾਅਦਾ ਕਰੋ।"

ਤੇ ਉਹ ਜ਼ੋਰ-ਜ਼ੋਰ ਦੀ ਰੋਣ ਲੱਗ ਪਈ ਤੇ ਰੋਂਦਿਆਂ-ਰੋਂਦਿਆਂ ਭੱਜ ਗਈ।

(ਕਿੰਨੀ ਦੇਰ ਉਸੇ ਦਿਸ਼ਾ ਵੱਲ ਦੇਖਦਾ ਰਹਿੰਦਾ ਹੈ ਤੇ ਫੇਰ ਦਰਸ਼ਕਾਂ ਵੱਲ ਮੁੜਦਾ ਹੈ।)

ਸੁਫ਼ਨੇ ਤਾਂ ਮੇਰੇ ਵੀ ਮਰੇ ਸਨ। ਪਰ ਮੈਨੂੰ ਤਾਂ ਆਦਤ ਸੀ ਤੇ ਆਦਤ (ਜ਼ੋਰ ਦੇ ਕੇ।) ਮੁਰਦਾ ਕਰ ਦਿੰਦੀ ਹੈ ਬੰਦੇ ਨੂੰ। ਆਖ਼ਿਰ ਕਿਉਂ ਹੈ ਮੇਰੀ ਇਹੋ ਪਛਾਣ! ਮੈਂ ਪਿੰਡ ਛੱਡਿਆ..., ਬੰਬਈ ਤੋਂ ਭੱਜ ਆਇਆ। ਉਮਰ ਭਰ ਲੜਦਾ ਸਾਹੋ-ਸਾਹੀ ਹੁੰਦਾ ਰਿਹਾ। ਪਰ ਆਹ ਨਰਕ ਮੇਰਾ ਪਿੱਛਾ ਕਿਉਂ ਨਹੀਂ ਛੱਡਦਾ। ਪੱਥਰਾਂ ਪਹਾੜਾਂ ਤੇ ਦਰਖ਼ਤਾਂ ਨੂੰ ਪੂਜਣ ਵਾਲੇ... ਕਿਉਂ ਇਹਨਾਂ ਦੇ ਦਿਲ ਮੈਨੂੰ ਦੇਖਦੇ ਈ ਪੱਥਰ ਦੇ

58