ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਆਬਾਨ 'ਚ।

ਖਾਨ: ਓ ਮੈਂ ਤੇਰਾ ਅਚਾਰ ਪਾਉਣਾ ਕਰਾੜਾ।
ਕਰੋੜੀ ਮੱਲ: ਅਚਾਰ। (ਮੂੰਹ 'ਚ ਪਾਣੀ) ਉਹਦੀ ਗੱਲ ਨਾ ਕਰ, ਜੀ ਖੱਟਾ ਹੁੰਦਾ।

(ਜੰਗਲ ਦੀਆਂ ਅਵਾਜ਼ਾਂ)

ਖਾਨ: ਪਰ ਅਸੀਂ ਹਾਂ ਕਿੱਥੇ? ਮੈਂ ਤਾਂ ਕਦੇ ਸੁਫ਼ਨੇ 'ਚ ਵੀ ਨੀ ਦੇਖੀ ਇਹ ਥਾਂ।
ਕਰੋੜੀ ਮੱਲ: ਤਿੰਨ ਚਾਰ ਪਿਆਲੇ ਚਾਹ ਦੇ ਨਾਂਹ ਸੁੱਟਾਂ ਅੰਦਰ..., ਮੇਰਾ ਤਾਂ ਦਿਮਾਗ਼ ਈ ਨੀ ਖੁੱਲ੍ਹਦਾ। ਪਰ ਐਂ ਦੱਸ ਰਾਤ ਸੌਣ ਤੋਂ ਪਹਿਲਾਂ ਤੂੰ ਕੀ ਕੀਤਾ ਸੀ, ਆਖ਼ਰੀ ਕੰਮ, ਨਹੀਂ ਮੇਰਾ ਮਤਲਬ, ..?
ਖਾਨ: ਕਰਨਾ ਕੀ ਸੀ, ਉਹੀ... ਈਸ਼ਾ ਦੀ ਨਮਾਜ਼ ਤੋਂ ਬਾਅਦ... ਦੁਆ ਮੰਗੀ ਅੱਲ੍ਹਾ-ਤਾਲ੍ਹਾ ਤੋਂ... "ਪਰਵਰਦਿਗਾਰ ਮਿਹਰ ਕਰੀਂ, ਲੋਭ ਲਾਲਚ ਦੀ ਇਸ ਦੋਜ਼ਖ਼ ਤੋਂ ਦੂਰ ਕਰੀਂ, ਈਮਾਨ ਦੀ ਜੰਨਤ 'ਚ ਰੱਖੀਂ।"
ਕਰੋੜੀ ਮੱਲ: (ਡਰਿਆ ਹੋਇਆ) ਉਹੀ ਤਾਂ ਮੈਂ ਕਹਿਨਾਂ ਲੱਛਮੀ ਮਾਤਾ ਮੂਹਰੇ, ਭਈ ਦੂਰ ਰੱਖੀਂ ਮੋਹ ਮਾਇਆ ਦੀ ਏਸ ਦੁਨੀਆ ਤੋਂ।
ਖਾਨ: ਪਰ ਇਹ ਤਾਂ ਮੈਂ ਰੋਜ਼ ਕਰਦਾਂ, ਪੁਰਖੇ ਕਰਦੇ ਆ ਰਹੇ ਸਾਡੇ। ਕਦੇ ਸੁਣੀ ਐ ਉਹਨਾਂ ਨੇ।
ਕਰੋੜੀ ਮੱਲ: (ਰੋਣਹਾਕਾ) ਲੱਗਦੈ ਸੁਣ ਲਈ।
ਖਾਨ: (ਡਰਿਆ) ਹਾਂ, ਇੰਨੇ ਅਰਸੇ 'ਚ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ। (ਸੰਗੀਤ) ਲਾਲਾ, ਬੜਾ ਈ ਭੱਦਾ ਮਜ਼ਾਕ ਕੀਤਾ ਈ ਕਿਸੇ ਨੇ ਸਾਡੇ ਨਾਲ। ਏਸ ਜੰਗਲ 'ਚ... (ਜੰਗਲੀ ਜਾਨਵਰਾਂ ਦੀਆਂ ਅਵਾਜ਼ਾਂ ਨੇੜੇ ਆਉਂਦੀਆਂ ਹਨ। ਡਰਿਆ ਹੋਇਆ) ਸੁਣ ਰਿਹੈਂ? ਲੱਗਦੈ ਸਾਡੇ ਵੱਲ ਈ ਆ ਰਹੇ ਨੇ।
ਕਰੋੜੀ ਮੱਲ: (ਕੰਬਦੇ ਹੋਏ) ਹਾਂ, ਪਰ ਐਂ ਹੱਥ 'ਤੇ ਹੱਥ ਧਰਿਆਂ ਤਾਂ 'ਨੀ ਸਰਨਾ। ਕੁਝ ਕਰਨਾ ਪੈਣਾ, ਗੀਤਾ 'ਚ ਕਿਹਾ ਨਾ ਭਗਵਾਨ ਨੇ, ਕੀ ਕਿਹਾ ਸੀ...?

70