ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵੀ ਮੰਚ 'ਤੇ ਬੁਲਾਇਆ ਗਿਆ। ਸਾਰਾ ਮਾਹੌਲ ਭਾਵਨਾਵਾਂ ਨਾਲ ਪੂਰੀ ਤਰ੍ਹਾਂ
ਉਤੇਜਿਤ ਹੋਇਆ ਪਿਆ ਸੀ। ਗੁਰਸ਼ਰਨ ਸਿੰਘ ਜੀ ਦੀ ਭਾਵਨਾਵਾਂ ਨਾਲ ਲਬਰੇਜ਼
ਲੰਮੀ ਤਕਰੀਰ ਨੇ ਨਾਟਕ ਦੇ ਸਿਰਜੇ ਇੱਕ ਅਹਿਸਾਸ ਨੂੰ ਹੋਰ ਵੀ ਤਿੱਖਾ ਕਰ
ਦਿੱਤਾ।
ਬਹੁਤ ਲੋਕ ਸੈਮੁਅਲ ਨੂੰ ਵਧਾਈਆਂ ਦੇ ਰਹੇ ਸਨ, ਉਹਨਾਂ ਵਿੱਚੋਂ ਇੱਕ
ਲੱਖਾ ਲਹਿਰੀ ਵੀ ਸੀ। ਇਹ ਵਧਾਈਆਂ ਰਸਮੀ ਨਾਂਹ ਹੋ ਕੇ ਉਹਨਾਂ ਵਿੱਚ ਇੱਕ
ਤਾਜ਼ਗੀ ਤੇ ਦਿਲੀ ਭਾਵਨਾਵਾਂ ਦੀ ਖ਼ੁਸ਼ਬੋ ਸੀ। ਕਈ ਸਾਰੇ ਕਾਰਨਾਂ ਕਰਕੇ ਲੱਖਾ
ਲਹਿਰੀ ਵਰਗੇ ਲੋਕ ਪੰਜਾਬੀ ਰੰਗਮੰਚ ਦੀ ਪਹਿਲੀ ‘ਸੋਲੋ' ਪੇਸ਼ਕਾਰੀ ਨੂੰ ਜੀ
ਆਇਆਂ ਕਹਿ ਰਹੇ ਸਨ। ਇਹ ਇੱਕ ਸਫ਼ਲ ਤਜਰਬਾ ਸੀ। ਲਾਲ ਸਿੰਘ ਦਿਲ ਤੇ
ਪਾਸ਼ ਵਾਲੇ ਇੱਕ-ਪਾਤਰੀ ਨਾਟਕ ਹਾਲੇ ਬਹੁਤ ਬਾਅਦ 'ਚ ਆਉਣੇ ਸਨ। ਪਰ
ਬਹੁਤੇ ਦਰਸ਼ਕਾਂ ਲਈ ਖਿੱਚ ਦਾ ਮੁੱਖ ਕਾਰਨ ‘ਜੂਠ’ ਨਾਟਕ ਦਾ ਵਿਸ਼ਾ ਹੀ ਸੀ।
ਭਾਵੇਂ ਪੰਜਾਬੀ ਨਾਟਕਾਂ ਵਿੱਚ ਮਜ਼ਦੂਰਾਂ ਤੇ ਖੇਤ-ਮਜ਼ਦੂਰਾਂ ਦੀ ਕਾਫ਼ੀ ਗੱਲ ਕੀਤੀ
ਗਈ ਪਰ ਛੂਤ-ਛਾਤ ਤੇ ਜਾਤਪਾਤ ਦੇ ਦੁਆਲੇ ਹੁੰਦੀ ਹਿੰਸਾ ਨੂੰ ਸ਼ਾਇਦ ਪਹਿਲੀ
ਵਾਰ ਨਾਟਕੀ ਰੂਪ ਦਿੱਤਾ ਗਿਆ ਸੀ, ਜਿਸਦਾ ਪ੍ਰਤੱਖ ਦਿਸਦਾ ਅਸਰ ਹਰ ਪਾਸੇ
ਨਜ਼ਰ ਆਉਂਦਾ ਸੀ।
ਲੱਗਭਗ ਸਵੇਰ ਹੀ ਹੋਣ ਵਾਲੀ ਸੀ। ਓਪਨ ਏਅਰ ਥਿਏਟਰ ’ਚੋਂ
ਬਾਹਰ ਨਿਕਲੇ ਤਾਂ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਹੋਰੀਂ ਮੂਹਰਿਓਂ ਆ ਰਹੇ
ਸਨ, ਪਹਿਲੀ ਗੱਲ ਹੀ ਉਹਨਾਂ ਨੇ ਨਾਟਕ ਨੂੰ ਛਾਪਣ ਦੀ ਕੀਤੀ। ਪਰ ਮੈਂ ਜੋ ਕੁੱਝ
ਉਹਨਾਂ ਨੂੰ ਦੱਸਿਆ ਉਸਦਾ ਉਹਨਾਂ ਨੂੰ ਅੱਜ ਤੱਕ ਵੀ ਯਕੀਨ ਨਹੀਂ ਆਇਆ,
ਕਈ ਸਾਂਝੇ ਦੋਸਤਾਂ ਕੋਲ ਉਹ ਸ਼ਿਕਵਾ ਵੀ ਕਰ ਚੁੱਕੇ ਹਨ। ਉਹ ਆਪਣੀ ਜਗ੍ਹਾ
ਬਿਲਕੁਲ ਠੀਕ ਨੇ, ਪਰ ਉਹਨਾਂ ਨੂੰ ਜੋ ਮੈਂ ਕਿਹਾ ਸੀ, ਉਹ ਵੀ ਸੌ ਫ਼ੀਸਦੀ ਸਹੀ
ਸੀ।
ਨਾਟਕ ਦਾ ਖਰੜਾ ਮੇਰੇ ਕੋਲ ਨਹੀਂ ਸੈਮੁਅਲ ਕੋਲ ਸੀ। ਮੈਂ ਉਸਦੇ ਨਾਲ
ਗੱਲ ਕੀਤੀ ਤਾਂ ਉਸਨੇ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਰ ਕੀਤੇ। ਉਸਦਾ ਕਹਿਣਾ ਸੀ
ਕਿ ਨਾਟਕ ਕਿਤਾਬ ਦੀ ਸ਼ਕਲ ਵਿੱਚ ਆ ਜਾਣ ਨਾਲ, ਸਾਡੇ ਵੱਲੋਂ ਤਿਆਰ ਕੀਤੀ
ਪੇਸ਼ਕਾਰੀ ਦਾ ਨੁਕਸਾਨ ਹੋ ਸਕਦਾ। ਉਸ ਵੇਲੇ ਮੈਨੂੰ ਵੀ ਗੱਲ ਜਚੀ ਤੇ ਮੈਂ ਉਸ
ਨਾਲ ਜ਼ਿੱਦ ਨਹੀਂ ਕੀਤੀ ਤਾਂ ਕਿਤਾਬ ਵਾਲਾ ਮਾਮਲਾ ਅੱਗੇ ਪੈ ਗਿਆ।

8