ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(ਹੌਲ਼ੀ ਜਿਹੇ) ਮਾਂ ਦਾ ਇਹ ਰੂਪ ਮੈਂ ਪਹਿਲੀ ਵਾਰ ਦੇਖਿਆ
ਸੀ। ਉਸ ਦਿਨ ਤੋਂ ਬਾਅਦ ਮਾਂ ਕਦੇ ਵੀ ਸਰਦਾਰਾਂ ਦੇ ਘਰੇ ਨਹੀਂ
ਗਈ। ਅਤੇ ਜੂਠ ਦਾ ਇਹ ਸਿਲਸਲਾ ਵੀ ਉੱਥੇ ਹੀ ਬੰਦ ਹੋ ਗਿਆ।
ਸੁੱਖਣ ਤੇ ਸਰਵਣ ਇਹ ਮੇਰੇ ਬਹੁਤ ਵਧੀਆ ਮਿੱਤਰ ਰਹੇ
ਜਮਾਤੀ ਸਨ, ਕੋਲ-ਕੋਲ ਬੈਠਦੇ। ਪਰ ਸੁੱਖਣ ਕਦੇ ਮੇਰੇ ਘਰ ਨਹੀਂ ਸੀ
ਆਉਂਦਾ, ਬੱਸ ਮੈਂ ਈ ਜਾਂਦਾ ਸੀ।
(ਉਦਾਸ ਹੁੰਦਾ ਹੈ। ਸਿਰ ਝਟਕ ਕੇ...)
ਸਰਵਣ ਪੰਡਤਾਂ ਦਾ ਮੁੰਡਾ ਸੀ। ਪਰ ਉਸ ਵਿੱਚ ਸੁੱਖਣ
ਵਾਲੀ ਝਿਜਕ ਨਹੀਂ ਸੀ। ਆਹ ਜਾਤ-ਪਾਤ ਦਾ ਮਸਲਾ ਸਾਡੇ ਵਿੱਚ
ਕਦੇ ਨਹੀਂ ਆਇਆ। ਸੋਹਣਾ ਮੁੰਡਾ ਸੀ ਸਰਵਣ। ਕੁੜੀਆਂ ਵਰਗਾ
ਨਾਜ਼ੁਕ ਕੂਲਾ ਜਿਆ।
ਸਾਡਾ ਇੱਕ ਹੋਰ ਜਮਾਤੀ ਸੀ... ਚੰਦਰਪਾਲ, ਉੱਚਾ ਲੰਮਾ
ਗੁੱਜਰਾਂ ਦਾ ਮੁੰਡਾ, ਹਮੇਸ਼ਾ ਸਰਵਣ ਨੂੰ ਤੰਗ ਕਰਦਾ ਰਹਿੰਦਾ। ਕਿਤੇ
ਚੂੰਢੀ ਜਿਹੀ ਵੱਢਤੀ; ਕਿਤੇ ਧੱਕਾ ਜਿਹਾ ਮਾਰਤਾ, ਰੋਜ਼ ਦਾ ਕੰਮ ਫੜ੍ਹ
ਰੱਖਿਆ ਸੀ ਉਸਨੇ। ਇੱਕ ਦਿਨ ਜੀ ਉਹਨੇ ਸਰਵਣ ਨੂੰ ਫੜ ਲਿਆ
ਤੇ ਜ਼ੋਰ ਦੀ ਉਹਦੀ ਗੱਲ੍ਹ 'ਤੇ ਦੰਦੀ ਵੱਡੀ । ਸਾਰੀ ਜਮਾਤ ਹੱਸ ਪਈ।
ਸਰਵਣ ਰੋਣ ਲੱਗ ਪਿਆ। ਮੈਨੂੰ ਚੜ੍ਹ ਗਿਆ ਗੁੱਸਾ। ਮੈਂ ਚੰਦਰਪਾਲ ਨੂੰ
ਲਿਆ ਫੜ੍ਹ, ਲੈ ਲਿਆ ਗੋਡਿਆਂ ਥੱਲੇ, ਉਹਨੇ ਬਹੁਤ ਜ਼ੋਰ ਲਾਇਆ...
ਪਰ ਮੈਂ ਨਾ ਉਹਨੂੰ ਹਿੱਲਣ ਦਿੱਤਾ। ਸਰਵਣ ਦੇ ਹੰਝੂਆਂ ਨੇ ਪਤਾ ਨੀ
ਮੇਰੇ `ਚ ਕਿੱਥੋਂ ਇੰਨੀ ਜਾਨ ਭਰ ਦਿੱਤੀ ਸੀ।
ਪਰ ਬਾਅਦ ਵਿੱਚ ਚੰਦਰਪਾਲ ਨੇ ਸਰਵਣ ਤੋਂ ਮਾਫੀ ਮੰਗ
ਲਈ। ਸਾਡੀ ਦੋਸਤੀ ਹੋਰ ਵੀ ਗੂਹੜੀ ਹੋ ਗਈ। ਚੰਦਰਪਾਲ ਦੀ
ਦੋਸਤੀ ਦਾ ਅਸਰ ਹੋਇਆ। ਹੁਣ ਮੈਨੂੰ ਪਾਣੀ ਪੀਣ ਲਈ ਦੂਰ ਖੜ੍ਹਕੈ
ਉਡੀਕਣਾ ਨਹੀਂ ਸੀ ਪੈਂਦਾ... ਕਿ ਪਹਿਲੋਂ ਬਾਕੀ ਪੀ ਲੈਣ। ਚੰਦਰਪਾਲ
ਦੇ ਮੂਹਰੇ ਸਭ ਦੀ ਮਾਂ ਮਰ ਜਾਂਦੀ। ਉਹ ਜੀਹਨੂੰ ਮਰਜ਼ੀ ਧੌਣੋਂ ਫੜ੍ਹ
ਲੈਂਦਾ। ਇਹ ਸਭ ਕੁਝ ਕਿੰਨਾ ਵਧੀਆ ਸੀ, ਕਿੰਨਾ ਵੱਖਰਾ। ਅੱਜ
ਵੀ ਜਦੋਂ ਮੈਂ ਇਹ ਸੋਚਦਾ ਹਾਂ ਤਾਂ ਮੇਰੇ ਦਿਲ ਦਾ ਭਾਰ ਹੌਲਾ ਹੋ ਜਾਂਦਾ

24