ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੋ ਜਿਹੇ ਮੌਕੇ 'ਤੇ ਸਰਵਣ ਤੇ ਚੰਦਰਪਾਲ ਮੇਰੇ ਹੋਰ ਨੇੜੇ
ਆ ਜਾਂਦੇ। ਪੜੇ-ਲਿਖੇ ਤਾਂ ਭਾਵੇਂ ਉਹ ਨਹੀਂ ਸੀ ਪਰ ਉਹਨਾਂ ਅੰਦਰ
ਕਿਸੇ ਕਿਸਮ ਦਾ ਡਰ ਨਹੀਂ ਸੀ। ਨਰਿੰਦਰ ਸਿੰਘ ਵਰਗੇ ਮਾਸਟਰ
ਪੜ੍ਹਾ ਵੀ ਕੀ ਸਕਦੇ ਸੀ ਉਹਨਾਂ ਨੂੰ... ਡਰ ਤੇ ਛੂਤ-ਛਾਤ ਤੋਂ ਸਿਵਾਏ...
(ਵਿਅੰਗ `ਚ ਹੱਸਦਾ ਹੈ। ) ਹੈਂਅ... , ਦੋ ਦੂਣੀ ਚਾਰ ਤੇ ਤਿੰਨ ਤੀਆ
ਨੇਂ... ਬੱਸ।
ਬਚਪਨ ’ਚ ਈ ਅੰਦਰ ਇੰਨਾ ਜ਼ਹਿਰ ਭਰ ਗਿਆ...
ਕੁੜੱਤਣ... ਜੋ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਹਾਲੇ ਵੀ ਦੱਬੀ
ਪਈ ਹੈ, ਮੌਕਾ ਆਉਣ ’ਤੇ ਆਪਣਾ ਰੂਪ ਵਿਖਾ ਜਾਂਦੀ ਏ, .. ਸੁਆਦ।
(ਮੂੰਹ ਕੁਸੈਲਾ ਹੁੰਦਾ ਹੈ।)
ਮੈਂ ਪੰਜਵੀਂ ’ਚ ਸੀ, ਮਾਂ ਹੁਣ ਸਰਦਾਰਾਂ ਦੇ ਗੋਹਾ-ਕੂੜਾ
ਨਹੀਂ ਸੀ ਕਰਦੀ। ਮੇਰਾ ਇੱਕ ਭਰਾ ਸੀ ਸੁੱਖਾ; ਸੁਖਵੀਰ ਸਿੰਘ, ਉਹ
ਜੱਟਾਂ ਦੇ ਸੀਰੀ ਰਲ ਗਿਆ ਤੇ ਬਾਪੂ ਠੇਕੇਦਾਰ ਨਾਲ ਲੱਗ ਗਿਆ।
ਘਰ ਦਾ ਗੁਜ਼ਾਰਾ ਕੁਝ ਚੱਲਣ ਲੱਗਿਆ। ਹਾਲਤ ਕੁੱਝ ਸੁਧਰਦੀ
ਜਾਪੀ! ...ਇੱਕ ਦਿਨ ਸੁੱਖਾ ਤਾਪ ਚੜੇ-ਚੜਾਏ ਖੇਤੋਂ ਮੁੜ ਆਇਆ
ਤੇ ਕਈ ਦਿਨ ਮੰਜੇ 'ਤੇ ਪਿਆ... ਦਵਾਦਾਰੂ ਤੋਂ ਬਿਨਾ ਹੀ...ਚੱਲ
ਵਸਿਆ। ਛੋਟੀ ਉਮਰੇ ਹੀ ਭਾਬੀ ਵਿਧਵਾ ਹੋ ਗਈ। ਪਿਤਾ ਜੀ
ਅੰਦਰੋਂ ਟੁੱਟ ਗਏ। ਮਾਂ ਨੂੰ ਤਾਂ ਬੈਠੇ-ਬੈਠੇ ਗਸ਼ ਪੈਣ ਲੱਗ ਪਈ। ਘਰ
ਦੀ ਹਾਲਤ ਦਿਨੋਂ-ਦਿਨ ਨਿੱਘਰਦੀ ਗਈ।
ਰੋਟੀ ਦੇ ਲਾਲੇ ਪੈ ਗਏ ਸੀ। ਅਜਿਹੀ ਹਾਲਤ 'ਚ ਪੜ੍ਹਾਈ
ਬਾਰੇ ਸੋਚਣਾ ਵੀ... ਆਯਾਸ਼ੀ ਸੀ। ਮੈਂ ਪੜ੍ਹਾਈ ਵਿੱਚੇ ਛੱਡ ਦਿੱਤੀ
ਤੇ ਦਿਹਾੜੀ-ਦੱਪੇ ਜਾਣ ਲੱਗ ਪਿਆ। ਮੈਂ ਤੇ ਮੈਥੋਂ ਵੱਡਾ ਜਨੇਸਰ
ਤੜਕੇ ਈ ਨਿਕਲ ਜਾਂਦੇ ਘਾਹ ਖੋਤਣ। ਨਾਲ ਦਿਆਂ ਨੂੰ ਬਸਤੇ ਲਈ
ਸਕੂਲ ਜਾਂਦੇ ਦੇਖਦਾ ਤਾਂ ਮਨ ਭਾਰਾ ਹੋ ਜਾਂਦਾ। ਇੱਕ ਦਿਨ ਮੈਂ ਸੂਰ
ਚਾਰ ਕੇ ਮੁੜਿਆ ਆਵਾਂ ਕਿ... ਰਾਹ ’ਚ ਮੈਨੂੰ ਸੁੱਖਣ ਮਿਲ ਗਿਆ
ਕਹਿੰਦਾ, “ਉਏ ਤੂੰ ਸਕੂਲ ਜਾਣਾ ਛੱਡ ਤਾ?” ਮੈਂ ਹਾਂ ਵਿੱਚ ਸਿਰ
ਹਲਾਤਾ ਤੇ ਫੇਰ ਅਸੀਂ ਕਿੰਨੀ ਦੇਰ ਬੈਠੇ ਸਕੂਲ ਬਾਰੇ ਗੱਲਾਂ ਕਰਦੇ ਰਹੇ।

26