ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੀ। ਸੁੱਖਣ ਦੀ ਸੱਸ ਨੇ ਇਸ਼੍ਹਾਰਾ ਕੀਤਾ ਤਾਂ ਢੋਲ ਵੱਜਣਾ ਸ਼ੁਰੂ ਹੋ
ਗਿਆ।
(ਪਿੱਛਿਓਂ ਢੋਲ ਦੀ ਆਵਾਜ਼ ਉੱਭਰਦੀ ਹੈ। ਜੈਸਚਰਜ਼
ਨਾਲ ਚਿੱਤਰ ਉਸਾਰਦਾ ਹੈ।)
ਅੱਗੇ ਲਾੜਾ ਤੇ ਲਾੜੀ, ਨਾਲ ਉਸਦੀ ਮਾਂ, ਪਿੱਛੇ-ਪਿੱਛੇ
ਕੁੜੀਆਂ-ਬੁੜ੍ਹੀਆਂ। ਸੱਭ ਤੋਂ ਮੂਹਰੇ-ਮੂਹਰੇ ਢੋਲ ਵਾਲਾ ਤੇ ਜੁਆਕਾਂ ਦੀ
ਭੀੜ। ਹਰ ਘਰ ਮੂਹਰੇ ਖਲੋਕੇ ਢੋਲ ਵਜਾਉਣਾ ਪੈਂਦਾ। ਢੋਲ ਦੀ
ਆਵਾਜ਼ ਸੁਣਕੇ ਕੁੜੀਆਂ-ਬੁੜ੍ਹੀਆਂ ਘਰੋਂ ਬਾਹਰ ਆ ਜਾਂਦੀਆਂ। ਸੁੱਖਣ
ਸਲਾਮ ਕਰਦਾ ਤੇ ਘੁੰਡ ਪਿੱਛੋਂ ਉਹ ਸੁੱਖਣ ਵੱਲ ਇਉਂ ਵੇਂਹਦੀਆਂ
ਜਿਵੇਂ ਚਿੜੀਆ ਘਰ ਚੋਂ ਛੁੱਟਿਆ ਕੋਈ ਜਾਨਵਰ ਹੋਵੇ। ਸੁੱਖਣ ਦੀ
ਸੱਸ ਨੂੰ ਲੈਣ-ਦੇਣ ਵਾਸਤੇ ਬਹੁਤ ਮਿੰਨਤਾਂ ਤਰਲੇ ਕਰਨੇ ਪੈਂਦੇ।
“ਸਰਦਾਰਨੀਏ ਮੇਰੇ ਕਿਹੜਾ ਪੰਜ ਸੱਤ ਧੀਆਂ ਨੇ ਜਿਹੜੇ
ਮੇਰੇ ਜੁਆਈ ਹਰ ਰੋਜ਼ ਤੇਰੇ ਦਰ 'ਤੇ ਖੜੇ ਰਹਿਣਗੇ। ਇੱਕੋ ਇੱਕ ਧੀ
ਐ, ਇਹਦੀ ਤਾਂ ਝੋਲੀ ਕੁਝ ਪਾ ਦਿਓ।” ਪਰ ਛੇਤੀ ਕਿਤੇ ਕਿਸੇ ਦੇ
ਹੱਥੋਂ ਕੁਝ ਨਾ ਨਿਕਲਦਾ। ਕੋਈ ਕੋਈ ਤਾਂ ਨੱਕ ਬੁੱਲ੍ਹ ਚੜਾਕੇ ਆਖਦੀ,
“ਇਹਨਾਂ ਚੂਹੜਿਆਂ ਦਾ ਢਿੱਡ ਤਾਂ ਭਰਨਾ ਈ ਨੀ।” ਕਿਤੇ ਕਿਤੇ ਤਾਂ
ਬਾਹਲੀ ਥੂ-ਥੂ ਹੁੰਦੀ। ਸ਼ਰਮ ਤੇ ਤੇਹ ਨਾਲ ਮੇਰਾ ਬੁਰਾ ਹਾਲ ਸੀ। ਮੈਂ
ਢੋਲ ਵਾਲੇ ਨੂੰ ਸੈਨਤ ਮਾਰੀ, “ਯਾਰ ਪਾਣੀ ਪੂਣੀ !" ਉਹ ਮੇਰੇ ਵੱਲ
ਵੇਖਕੇ ਹੱਸ ਪਿਆ। ਆਂਹਦਾ ਪਾਣੀ ਪੂਣੀ ਤਾਂ ਬਾਈ ਵੇਹੜੇ 'ਚ ਜਾਕੇ
ਈ ਮਿਲੂ। ਅੱਜ ਜਦੋਂ ਕਿਸੇ ਨੂੰ ਹੇਰਵਾ ਕਰਦਾ ਸੁਣਦਾਂ, “ਕਦੇ ਪਿੰਡ
ਦੀ ਬਰਾਤ ਸਾਰੇ ਪਿੰਡ ਦੀ ਸਾਂਝੀ ਹੁੰਦੀ ਸੀ!" ਤਾਂ ਦਿਲ ਕੱਚਾ ਹੋਣ
ਲਗਦੈ। (ਸਿਰ ਝਟਕਦਾ ਹੈ।)
ਇੱਕ ਜ਼ਨਾਨੀ ਨੇ ਸੁੱਖਣ ਦੀ ਸੱਸ ਦੇ ਹੱਥ ’ਤੇ ਰੁਪਈਆ
ਧਰਦੇ ਕਿਹਾ, “ਜਵਾਈ ਤਾਂ ਤੇਰਾ ਸੋਹਣਾ, ਕੀ ਕਰਦੈ?” “ਪੜਦੈ...,
ਇਮਤਿਹਾਨ ਦਿੱਤੇ ਨੇ ਅੱਠਵੀਂ ਦੇ।" ਸੁੱਖਣ ਦੀ ਸੱਸ ਨੇ ਹੁੱਬਕੇ
ਕਿਹਾ ।
(ਕੁਝ ਯਾਦ ਕਰਦੇ ਹੋਏ ਸਿਰ ਜਿਹਾ ਖੁਰਕਦਾ ਹੈ।)

31