ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਸਵਾਈ ਆ...?” ਮੈਂ ਆਖਿਆ ਛੱਡ ਦਿਓ ਬਾਈ ਪਾਟ ਜੂਗੀ ।
ਦੋਵੇਂ ਉੱਚੀ-ਉੱਚੀ ਹੱਸਣ ਲੱਗ ਪਏ। ਜਿਵੇਂ ਮੈਂ ਕੋਈ ਚੁਟਕਲਾ
ਸੁਣਾਇਆ ਹੋਵੇ।

(ਹੱਸ ਪੈਂਦਾ ਹੈ।)


ਹਾਸਾ ਤਾਂ ਮੇਰਾ ਹੁਣ ਈ ਨਿਕਲਿਆ ...ਓਦਣ ਤਾਂ ਸੱਚੀਂ
ਬੁਰੀ ਹਾਲਤ ਸੀ। ਕਿਆ ਤਮਾਸ਼ਾ ਸੀ, ਕੁੜੀਆਂ ਪਰ੍ਹੇ ਖੜੀਆਂ ਹੱਸੀ
ਜਾਣ । ਉਹ ਤਾਂ ਸਾਹਮਣਿਉਂ ਕਿਸੇ ਪ੍ਰੋਫੈਸਰ ਨੂੰ ਆਉਂਦੇ ਦੇਖ ਉਹ
ਤਿੱਤਰ ਹੋ ਗਏ। ਨਹੀਂ ਤਾਂ ਪਤਾ ਨਹੀਂ ਕਿੰਨੀ ਦੇਰ ਚੱਲਣਾ ਸੀ...
ਇਹ ਤਮਾਸ਼ਾ !
ਖ਼ੈਰ ! ਮੇਰੇ ਮਾਮੇ ਦਾ ਮੁੰਡਾ ਸੁਰਜਨ ਵੀ ਪੜ੍ਹਦਾ ਹੁੰਦਾ ਸੀ
ਉੱਥੇ; ਉਹਦੀ ਵੀ ਚੰਗੀ ਬਦਮਾਸ਼ੀ ਸੀ, ਉਹਨੂੰ ਪਤਾ ਲੱਗ ਗਿਆ।
ਉਹਨੇ ਢਾਹ ਲਏ ਦੋਵੇਂ ਮੁੱਖ ਦੋ ਬੱਕਰੇ ਆਂਗੂ। ਉਹ ਰੇਲ ਬਣਾਈ ਭਈ
ਪੁੱਛੋ ਈ ਨਾ..., (ਸੁਆਦ ਲੈ ਕੇ ) ਦੇਹ ਠੁੱਡੇ ’ਤੇ ਠੁੱਡਾ, ਘਸੁੰਨ ’ਤੇ
ਘਸੁੰਨ, “ਦੱਸ ਉਏ ਕਿਹੜਾ ਦਰਜ਼ੀ ਐ ਤੇਰਾ?" ਉਹ ਬੋਲਣ ਲੱਗਣ
ਤਾਂ ਫੇਰ ਜੜ ਦੇਣ ਦੋ-ਚਾਰ। ਮਾਫੀਆਂ ਮੰਗਣ ਬੁਰੇ ਹਾਲ। ਹਿੰਸਾ-ਹੁੰਸਾ
ਦਾ ਨੀ ਪਤਾ... ਜਦੋਂ ਪੈਂਦੀਆਂ ਦੇਖੀਆਂ ਉਹਨਾਂ ਦੇ, ਸੁਆਦ ਬੜਾ
ਆਇਆ। ਪਰ ਬਾਅਦ 'ਚ ਮਨ ਬਹੁਤ ਉਦਾਸ ਹੋ ਗਿਆ।

(ਚੁੱਪੀ)


ਖ਼ੈਰ! ਇਹਤੋਂ ਬਾਅਦ ਹੋਰ ਮੇਰੇ ਨਾਲ ਇਹੋ ਜਿਹਾ ਕੁਝ ਨੀ
ਹੋਇਆ, ਮੇਰੇ ਵੀ ਬਹੁਤ ਸਾਰੇ ਮਿੱਤਰ ਬਣ ਗਏ। ਅਸੀਂ ਰੋਜ਼
ਮਿਲਦੇ, ਸਮਾਜਿਕ ਕੰਮਾਂ ਦੀ ਚੇਟਕ ਵੀ ਮੈਨੂੰ ਇੱਥੋਂ ਹੀ ਲੱਗੀ।
ਡਾਕਟਰ ਅੰਬੇਦਕਰ ਸਾਹਿਬ ਦੇ ਜੀਵਨ ਬਾਰੇ... ਮੈਂ ਇੱਥੋਂ ਹੀ ਪੜ੍ਹਿਆ।
ਉਹਨਾਂ ਦੇ ਜੀਵਨ ਸੰਘਰਸ਼ ਨੇ ਮੈਨੂੰ...... ਹਲਾ ’ਤਾ। ਮੇਰੇ ਗੂੰਗੇਪਣ ਨੂੰ
ਬੋਲ ਮਿਲ ਗਏ। ਜਿਹੜਾ ਹੜ੍ਹ ਅੰਦਰੋ-ਅੰਦਰ ਘੁੰਮੀ ਜਾ ਰਿਹਾ ਸੀ,
ਉਸਨੂੰ ਰਾਹ ਮਿਲ ਗਿਆ। ਵਿਰੋਧ ਤਿੱਖਾ ਹੋਣ ਲੱਗਾ।
(ਦਰਸ਼ਕਾਂ ਵੱਲ ਨੂੰ ਆਉਂਦੇ ਹੋਏ ਤੇ ਆਵਾਜ਼ ਬੁਲੰਦ ਕਰਦੇ
ਹੋਏ।) “ਵਾਲਮਿਕੀ’’ ਸ਼ਬਦ ਵੀ ਮੇਰੇ ਨਾਲ ਇੱਥੋਂ ਹੀ ਜੁੜਿਆ।

40