ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਦਲੀਲ ਸੀ। ਪਰ ਮੈਨੂੰ ਤਾਂ ਸਭ ਝੂਠ ਲੱਗਦਾ ਸੀ, ਲਿਜ਼ਲਿਜ਼ਾ...,
ਬੋਅ ਮਾਰਦਾ। ਮੈਂ ਇਸ ਝੂਠ ਸਹਾਰੇ ਨਹੀਂ ਸੀ ਜਿਉਣਾ ਚਾਹੁੰਦਾ। ਮੈਂ
ਸਵੀਤਾ ਨੂੰ ਸਭ ਕੁਝ ਦੱਸਣ ਦਾ ਮਨ ਬਣਾ ਲਿਆ ਸੀ।
ਪਾਟਿਲ ਨੇ ਬਥੇਰਾ ਸਮਝਾਇਆ, ਰਹਿਣ ਦੇ ਯਾਰ ਐਵੇਂ
ਤਮਾਸ਼ਾ ਨਾ ਕਰੀਂ। ਵਾਧੂ ਖੱਪ-ਖਾਨਾ ਖੜ੍ਹਾ ਹੋਉਗਾ। (ਇਨਕਾਰ 'ਚ
ਸਿਰ ਮਾਰਦਾ ਹੈ।) ਮੈਂ ਸਵੀਤਾ ਨੂੰ ਕਿਹਾ, “ਤੇਰੇ ਨਾਲ ਗੱਲ ਕਰਨੀ
ਆ, ਇੱਕਲਿਆਂ।” “ਇੱਕਲਿਆਂ!” ਉਸਦੀਆਂ ਅੱਖਾਂ 'ਚ ਸ਼ਰਾਰਤ
ਸੀ। ਪਰ ਮੈਂ ਧਿਆਨ ਨਾ ਦਿੱਤਾ। ਮੇਰਾ ਤਾਂ ਦਿਲ ਬੁਝਿਆ ਪਿਆ
ਸੀ। “ਠੀਕ ਐ, ਸ਼ਾਮ ਨੂੰ ਮੰਦਿਰ ’ਚ ਮਿਲਦੇ ਆਂ, ਇਕੱਲਿਆਂ ਹੀ
ਆਵਾਂਗੀ। ਤੂੰ ਨਾ ਭੁੱਲ ਜਾਈਂ। ਮੈਂ ਮਨ ਬਣਾ ਲਿਆ ਸੀ, ...ਸਭ
ਪੱਧਰਾ ਹੋਣਾ ਚਾਹੀਦਾ ਐ ।
ਸਵੀਤਾ ਆਈ ਦੁੱਧਿਆ ਰੰਗ ਦਾ ਸਕਰਟ-ਬਲਾਉਜ਼...
ਉਹਦੇ ਗੋਰੇ ਰੰਗ ’ਤੇ ਬਹੁਤ ਫੱਬਦਾ ਸੀ। ਅੱਲ੍ਹੜਾਂ ਜਿਹੀ ਤੋਰ ...
ਅੰਗ-ਅੰਗ `ਚ ਸ਼ੋਖੀ... ਨਖ਼ਰਾ। ਇੰਨੀ ਨੀਝ ਨਾਲ ਮੈਂ ਉਹਨੂੰ ਕਦੇ
ਨਹੀਂ ਸੀ ਦੇਖਿਆ। ਇੱਕ ਪਲ ਲਈ ਤਾਂ ਮੈਂ ਸਭ ਕੁੱਝ ਭੁੱਲ ਗਿਆ।
ਉਹ ਬੋਲਦੀ ਰਹੀ, ਬੋਲਦੀ ਰਹੀ ਤੇ ਫੇਰ ਇੱਕਦਮ ਅਚਾਨਕ, “ਹਾਂ ਤੇ
ਸੱਚ ਤੁਸੀਂ ਕੋਈ ਗੱਲ ਕਰਨੀ ਸੀ... ਮੇਰੇ ਨਾਲ। (ਸਵੀਤਾ ਵਾਂਗ
ਅੱਖਾਂ ਮਟਕਾਉਂਦਾ ਹੈ।) ਕੀ ਗੱਲ ਐ... ਜਿਹੜੀ ਇਕੱਲਿਆਂ ਕਰਨੀ?"
ਮੈਂ ਅਚਾਨਕ ਫਟਿਆ, “ਉਹ ਕੱਪ ਵੱਖਰਾ ਕਿਉਂ ਸੀ...
ਪ੍ਰੋਫ਼ੈਸਰ ਕਾਂਬਲੇ ਵਾਲਾ ਚਾਹ ਦਾ ਕੱਪ?”
ਉਸਦੀਆਂ ਅੱਖਾਂ 'ਚੋਂ ਸਾਰੇ ਸੁਫ਼ਨੇ ਉੱਡ ਗਏ, “ਕੌਣ...
ਉਹ ਚਮਾਰ।”
ਮੈਂ ਜਿਵੇਂ ਆਸਮਾਨੋਂ ਡਿੱਗ ਪਿਆ।
“ਸਾਡੇ ਘਰ ਜਿੰਨੇ ਵੀ ਚੁਹੜੇ, ਚਮਿਆਰ ਆਉਂਦੇ ਨੇ ਸਭ
ਦੇ ਭਾਂਡੇ ਵੱਖਰੇ ਨੇ। ਤੂੰ ਆਪਣੀ ਕਹਿ ਨਾ... ਕਿਸ ਲਈ ਬੁਲਾਇਆ
ਸੀ?"
ਉਹ ਨੇੜੇ ਨੂੰ ਹੋ ਗਈ। (ਆਪਣੇ ਪਿੰਡੇ ਨੂੰ ਛੂੰਹਦਾ ਹੈ।)

56