ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਂਦੇ? ਕਿਉਂ ਇਹਨਾਂ ਕਰਮਾਂ-ਧਰਮਾਂ ਨੇ ਮੇਰਾ ਸਾਹ, ਮੇਰਾ ਵਾਲ਼-
ਵਾਲ਼ ਨੂੜ ਛੱਡਿਆ। ਮੇਰਾ ਬਾਪੂ ਏਸੇ ਆਸ ਤੇ ਮਰ ਗਿਆ ਵੀ ਪੁੱਤ
ਜਾਤ ਸੁਧਾਰੇਗਾ।

(ਚੁੱਪ)


ਭੋਲ਼ਾ ਸੀ ਮੇਰਾ ਬਾਪੂ... ਇਉਂ ਪੜ੍ਹ-ਲਿਖ ਕੇ, ਘਰੋਂ ਬੇਘਰ
ਹੋ ਕੇ ਕਿਤੇ ਜਾਤਾਂ ਸੁਧਰਦੀਆਂ। ਸਭ ਠੀਕ-ਠਾਕ ਹੁੰਦਾ ਤੇ ਫੇਰ
ਅਚਾਨਕ ਇਹ ਸਵਾਲ, “ਕੌਣ ਹੁੰਦੇ ਹੋ ਤੁਸੀਂ... ਯਾਨੀ ਜਾਤ ... ਜਾਤ
ਕੀ ਐ ਤੁਹਾਡੀ?" (ਤੇ ਫੇਰ ਸੰਨਾਟਾ।) ਗ਼ੈਰਾਂ ਦੀ ਛੱਡੋ, ਜੋ ਦੁੱਖ
ਆਪਣਿਆਂ ਨੇ ਦਿੱਤੇ, ਦੂਰ ਭੱਜਦੇ ਨੇ ਉਹ ਮੈਥੋਂ..., ਉਹਨਾਂ ਨੂੰ
ਲੱਗਦਾ ਮੈਂ ਉਹਨਾਂ ਦੇ ਭੇਦ ਖੋਲ੍ਹ ਦਿਆਂਗਾ। ਮੇਰੀ ਸਕੀ ਭਤੀਜੀ ਭਰੀ
ਜਮਾਤ ਵਿੱਚ ਮੈਨੂੰ ਪਛਾਣਨੋਂ ਮੁੱਕਰ ਜਾਂਦੀ ਐ। ਵਿਆਹ ਸ਼ਾਦੀ ਦੇ
ਕਾਰਡਾਂ ’ਤੇ ਮੇਰਾ ਨਾਮ ਤੱਕ ਨਹੀਂ ਲਿਖਿਆ ਜਾਂਦਾ।
“ਭਾਅ ਜੀ ਦਾ ਨਾਂ ਆਇਆ ਤਾਂ ਸਭ ਨੂੰ ਪਤਾ ਲਗ
ਜਾਣੈ । ਇੱਥੇ ਤਾਂ ਅਸੀਂ ਮਿਸ਼ਰੇ ਆਂ।”
ਕਹਿੰਦੇ ਨੇ, “ਤੁਸੀਂ ਫੇਸ ਕਰ ਸਕਦੇ ਹੋ, ਅਸੀਂ ਨਹੀਂ।”
ਕੀ ਮਜਬੂਰੀ ਐ, ਭੱਜ ਕਿੱਥੇ ਰਹੇ ਓਂ... ਤੇ ਕਿਸ ਤੋਂ ?
ਸੰਸਾਰ ਨਾਲ ਤੁਸੀਂ ਲੜ ਸਕਦੇ ਹੋ, ਲੁਕ ਸਕਦੇ ਹੋ। ਪਰ
ਜਿਹੜਾ ਸੰਸਾਰ ਅੰਦਰ ਵਸਿਆ ਹੈ, ਉਸਨੂੰ ਕਿਤੇ ਸੁੱਟ ਨਹੀਂ ਸਕਦੇ।
ਉਸਦੇ ਕੋਲ ਤਾਂ ਤੁਹਾਨੂੰ ਖੜ੍ਹਨਾ ਹੀ ਪਵੇਗਾ, ਮੂੰਹ ਮੋੜਨ ਨਾਲ ਉਹ
ਅਣਹੋਇਆ ਨਹੀਂ ਹੋਣ ਲੱਗਾ।
ਮੇਰੀ ਕੋਈ ਗੱਲ ਉਹਨਾਂ ਤੱਕ ਨਾ ਪਹੁੰਚਦੀ। ਜਿਵੇਂ ਮੈਂ
ਕੋਈ ਗੋਲ਼ਾ-ਬਾਰੂਦ ਸੀ, ਜਿਹੜਾ ਉਹਨਾਂ ਦੇ ਘੁਰਨੇ ਢਾਹ ਦੇਵਾਂਗਾ।
ਵਾਲਮੀਕੀ ਸ਼ਬਦ ਸਾਰਿਆਂ ਦੀ ਹਿੱਕ ਵਿੱਚ ਡਾਂਗ ਵਾਂਗ ਵੱਜਦਾ।
ਘਰਵਾਲੀ ਕਹਿੰਦੀ ਬੱਚੇ ਦੇ ਨਾਂ ਨਾਲ ਨਹੀਂ ਲਾਵੇਗੀ ਵਾਲਮੀਕੀ।
ਕਮਲੀਏ! ਇਹ ਕੋਈ ਘਰ ਦਾ ਐਡਰੈੱਸ ਐ, ਜੋ ਬਦਲ ਲਵੇਂਗੀ।
ਇਹ ਮੇਰਾ ਪਤਾ ਐ, ਮੇਰਾ ਵਜੂਦ, ਪਿਛੋਕੜ ਐ, ਜਿੱਥੇ ਮਾਂ ਬੈਠੀ ਐ
ਮੜ੍ਹੀਆ `ਚ। ਮੈਂ ਕਿੱਥੇ ਸੁੱਟ ਆਵਾਂ ਇਸਨੂੰ।

59