ਸਮੱਗਰੀ 'ਤੇ ਜਾਓ

ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/13

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੯ )


ਰਾਜਾ ਜੀ ਜਾਓ ਮੁੜਕੇ ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ॥ ਸਿੱਖੋ ਜੀਂਵਦਾ ਜਾਨ ਮਹਾਲ ਜੰਮੂੰ ਤਾੱਨੇ ਦੇਨ ਰਜਪੂਤਾਂ ਦੀਆਂ ਬੇਟੀਆਂ ਨੀ॥ ਸ਼ਾਹ ਮੁਹੰਮਦਾ ਆਯਾ ਵਜ਼ੀਰੀ ਲੈਕੇ ਆਖਣ ਸੱਭ ਪਹਾੜ ਡੁਮੇਟੀਆਂ ਨੀ॥੩੫॥ ਤੋਪਾਂ ਜੋੜਕੇ ਪਲਟਨਾਂ ਨਾਲ ਲੈਕੇ ਸੀਖ਼ਾਂ ਚੋਸਕੇ ਤੇ ਹੀਰਾ ਸਿੰਘ ਚੜਦਾ॥ ਜਦੋਂ ਫੌਜ ਨੇ ਘੱਤਿਆ ਆਨ ਘੇਰਾ ਖੰਡਾ ਸਾਰ ਦਾ ਖਿੱਚਕੇ ਹੱਥ ਫੜਦਾ॥ ਭੀਮ ਸਿੰਘ ਤੇ ਕੇਸ੍ਰੀ ਸਿੰਘ ਲਾਵੇਂ ਲੈਕੇ ਦੋਹਾਂ ਨੂੰ ਕਟਕ ਦੇ ਵਿੱਚ ਵੜਦਾ॥ ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀਂ ਮੱਥੇ ਸਾਮ੍ਹਣੇ ਟੋਇਕੇ ਖੂਬ ਮਰਦਾ॥੩੬॥ ਸਿੰਘ ਜੱਲ੍ਹੇ ਦੇ ਹੱਥੋਂ ਜੋ ਤੰਗ ਆਏ ਦਿਲਾਂ ਵਿੱਚ ਕਚੀਚੀਆਂ ਖਾਂਵਦੇ ਨੀ॥ ਅੱਗੇ ਸੱਤ ਤੇ ਅੱਠ ਸੀ ਤਲਬ ਪਹਿਲੇ ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ॥ ਕਈ ਆਖਦੇ ਦੇਹੋ ਇਨਾਮ ਸਾਨੂੰ ਲੈਕੇ ਬੁਧਕੀਆਂ ਦਾ ਗਲ ਪਾਂਵਦੇ ਨੀ॥ ਸ਼ਾਹਮੁਹੰਮਦਾ ਟਿੱਕੇ ਦੀ ਲਾਜ ਰੱਖੀ ਪੰਜ ਕੌਂਸਲੀ ਦਾ ਬਨਾਂਵਦੇ ਨੀ॥੩੭॥ ਹੋਯਾ ਹੁਕਮ ਜਾਂ ਬਹੁਤ ਮਹਾਵਤਾਂ ਨੂੰ ਹੌਦੇ ਸੋਨੇ ਦੇ ਚਾ ਇਕ ਸਾਂਵਦੇ ਨੀ॥ ਤਰਫ਼ ਜੰਮੂੰ ਦੀ ਮੂੰਹ ਮਰੋੜ ਚਲੇ ਸਾਨੂੰ ਆਇਕੇ ਸਿੰਘ ਮਨਾਂਵਦੇ ਨੀ॥ ਘੇਰੇ ਅਜਲ ਦੇ ਅਕਲ ਨਾ ਮੂਲ ਆਈ ਬੁਰਾ ਆਪਨਾ ਅਾਪ ਕਰਾਂਵਦੇ ਨੀ॥ ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ ਅਗੋਂ ਗੋਲਿਆਂ ਨਾਲ ਉਡਾਂਵਦੇ ਨੀ॥੩੮॥ ਹੀਰਾ ਸਿੰਘ ਦੇ ਜੱਲੇ ਨੂੰ ਮਾਰਕੇ ਜੀ ਜਵਾਹਰ ਸਿੰਘ ਵਜ਼ੀਰ ਬਨਾਂਵਦੇ ਨੀ॥ ਤਰਫ ਜੰਮੂੰ ਪਹਾੜ ਦੀ ਹੋ ਟੁਰੇ ਰਾਹੀਂ ਸ਼ੋਰ ਖ਼ਰੂਦ ਮਚਾਂਵਦੇ ਨੀ॥ ਓਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ ਕੈਂਠੇ ਫੇਰ ਲੈਕੇ ਗਲੀਂ ਪਾਂਵਦੇ ਨੀ॥ ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ ਜਵਾਹਰ ਸਿੰਘ ਨੂੰ ਆਖ ਸੁਨਾਂਵਦੇ ਨੀ॥੩੯॥