ਪੰਨਾ:ਝਾਕੀਆਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਮਿਤਰਾ-ਪਰ ਅਜੇ ਨਿਰੰਜਨ ਵੀ ਨਹੀਂ ਆਇਆ।

ਬਾਹਰ ਬੂਟਾਂ ਦੀ ਪੈਖੜ ਸੁਨਾਈ ਦੇਂਦੀ ਏ ਤੇ ਪਲ ਕੁ ਮਗਰੋਂ ਇਕ ਜਵਾਨ, ਉਮਰ ੨੫ ਕੁ ਸਾਲ, ਪੂਰਾ ਅਪ-ਟੂ-ਡੇਟ ਸੂਟ, ਟਾਈ, ਕਾਲਰ ਨਾਲ ਡਟਿਆ-ਫਟਿਆ ਝਕਦਾ ਹੋਇਆ ਮੁਸਕਰਾਉਣ ਦੀ ਕੋਸ਼ਸ਼ ਕਰਦਾ ਅੰਦਰ ਆਉਂਦਿਆਂ ਦੋਵੇਂ ਹਥ ਜੋੜ ਕੇ 'ਪ੍ਰਣਾਮ' ਕਹਿੰਦਾ ਹੈ। ਉਸ਼ਾ ਦੀ ਮਾਂ ਉਨੂੰ ਸਿਰ ਤੋਂ ਪੈਰਾਂ ਤੀਕ ਬੜੇ ਗਹੁ ਨਾਲ
ਵੇਖਦੀ ਏ, ਤੇ ਪ੍ਰਸੰਨ ਚਿਤ ਸਿਰ ਹਿਲਾਂਦੀ ਹੋਈ ਕੁਰਸੀ ਤੇ ਬੈਠਣ ਦਾ ਇਸ਼ਾਰਾ
ਕਰਦੀ ਹੈ, ਓਹ ਸ਼ਰਮਾਂਦਾ ਹੋਇਆ ਕੁਰਸੀ ਤੇ ਬੈਠ ਜਾਂਦਾ ਹੈ।

ਸਮਿਤਰਾ- ਤੁਸੀ ਤੇ ਦੇਰ ਕਰ ਦਿਤੀ, ਨਿਰੰਜਨ!
ਨਿਰੰਜਨ- (ਕੁਝ ਝਕਦਾ ਤੇ ਕੁਝ ਹਸਨ ਦੀ ਕੋਸ਼ਸ਼ ਕਰਦਾ ਹੋਇਆ) ਉਵੇਂ ਜ਼ਰਾ ਕੰਮ ਪੈ ਗਿਆ ਸੀ, ਭੈਣ ਜੀ!
ਭਗਵਾਨ ਦਈ- ਕਿਹੜੇ ਕਾਲਜ ਪੜ੍ਹਦੇ ਹੋ, ਕਾਕਾ ਜੀ?
ਨਿਰੰਜਨ- ਜੀ ਮਿਸ਼ਨ ਕਾਲਜ।
ਭ: ਦ:- ਤੁਹਾਡੇ ਘਰ ਕਿਥੇ ਨੇਂ?
ਨਿਰੰਜਨ-ਜੀ ਇਥੇ ਈ ਨੇਂ।
ਭ: ਦ:- (ਉਚੀ ਅਵਾਜ਼ ਵਿਚ) ਮੁੰਡੂ! ਮੁੰਡੂ!! ਚਾਹ ਲਿਆ। (ਨਿਰੰਜਨ ਨੂੰ) ਤੇ ਤੁਹਾਡੇ ਪਿਤਾ ਜੀ?
ਨਿਰੰਜਨ- ਮੇਰੇ ਪਿਤਾ ਜੀ ਨੂੰ ਗੁਜ਼ਰੇ ਛੇ ਸਤ ਸਾਲ ਹੋ ਗਏ ਨੇ, ਮੇਰੀ ਮਾਤਾ ਜੀ ਤੇ ਛੋਟੀ ਭੈਣ ਇਥੇ ਈ ਰਹਿੰਦੀਆਂ ਨੇ।
ਭਗਵਾਨ ਦਈ-ਹੋਰ ਕੋਈ ਭੈਣ ਭਰਾ?
ਨਿਰੰਜਨ- ਜੀ ਬਸ ਅਸੀਂ ਦੋਵੇਂ ਭੈਣ ਭਰਾਂ ਈ ਹਾਂ।

-੯-