ਪੰਨਾ:ਝਾਕੀਆਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੌਧਰੀ, ਪਿੰਡੋਂ ਦੂਰ ਰਹਿ ਕੇ ਈ ਇਹਦਾ ਭਾਅ ਪਤਾ ਲਗਦਾ ਏ।
ਵਰਿਆਮ- ਪਰ ਫਿਰ ਵੀ ਲੋਕ ਚਜ ਨਾਲ ਖਾਂਦੇ ਨੇ, ਚਜ ਨਾਲ ਹੰਢਾਂਦੇ ਨੇ, ਸਾਡੇ ਵਾਂਗ ਡੰਗਰ ਬਣੇ, ਮਿਟੀ ਘਟੇ ਵਿਚ ਲਬ ਪਥ ਪ੍ਰਭਾਤੀ ਉਠੋ, ਅਧੀ ਰਾਤ ਤੀਕ ਜੁਟੇ ਰਹੋ, ਨਾਂ ਖਾਣੇ ਦੀ ਹੋਸ਼ ਨਾਂ ਪੀਣ ਦੀ, ਨਾਂ ਆਪਣੀ ਸੁਰਤ ਨਾਂ ਹੋਰ ਕਿਸੇ ਦੀ ਸੋਝੀ।
ਅਲੀ- ਨਹੀਂ ਚੌਧਰੀ! ਭਾਵੇ ਕਿਸ ਤਰ੍ਹਾਂ ਹੋਵੇ, ਜਟ ਰਾਜਾ ਏ ਜਹਾਨ ਦਾ।
ਵਰਿਆਮ-ਪਰ ਰਾਜਧਾਨੀਓ ਬਿਨਾਂ।
ਅਲੀ- ਰਾਜਧਾਨੀਓ ਬਿਨਾਂ ਕਿਉਂ? ਸਾਰੀ ਮਖਲੂਕ ਜਟ ਦੇ ਆਸਰੇ
ਜੀਉਂਦੀ ਏ; ਸਾਰਾ ਜਗ ਇਹਦਾ ਵਸਾਇਆ ਵਸਦਾ ਏ। ਇਹ ਓਹ ਰਾਜਾ ਏ ਜਿਹੜਾ ਢਿਡੋਂ ਭੁਖਾ ਰਹਿਕੇ ਰਈਅਤ ਨੂੰ ਖੁਆਦਾਂ ਏ, ਆਪ ਨੰਗਾ ਰਹਿ ਕੇ ਜਗ ਨੂੰ ਪੁਆਂਦਾ ਏ।
[ਦੂਰੋਂ ਕੋਈ ਆਉਂਦਾ ਦਿਸਦਾ ਏ]
ਵਰਿਆਮ- [ਦੂਰੋਂ ਤਕ ਕੇ] ਔਹ ਵੇਖੇ ਨਾਂ ਅਲੀ, ਕੌਣ ਪਿਆ ਆਉਂਦਾ ਏ?
ਅਲੀ-[ਨੀਝ ਲਾ ਕੇ] ਕੋਈ ਬੜਾ ਸਾਹਬ ਜਿਹਾ ਲਗਦਾ ਏ।
ਵਰਿਆਮ- ਹੋਵੇਦਾ ਮਦਰਸੇ ਵੇਖਨ ਵਾਲਾ ਸਪਿਟਰ।
ਅਲੀ- [ਹੋਰ ਗਹੁ ਨਾਲ ਤਕ ਕੇ] ਪਰ ਚੌਧਰੀ ਓਹਦੇ ਮਗਰ ਵੀ ਕੋਈ ਦਿਸਦਾ ਏ। ਇਨਸਪੈਕਟਰ ਟੁਰਦੇ ਤਾਂ ਨਹੀਂ ਆਉਂਦੇ?
ਵਰਿਆਮ- ਹੋਊ ਕੋਈ, ਸਾਨੂੰ ਕੀ, ਤੂੰ ਅਗੋਂ ਗਲ ਕਰ।
ਅਲੀ- [ਵਰਿਆਮ ਵਲ ਤਕਦਾ ਹੋਇਆ] ਗਲ ਕੀ ਕਰਾਂ ਚੌਧਰੀ?
ਪਿੰਡ ਵਿਚ ਨਾਈ, ਝੀਊਰ, ਡੂਮ-ਸ਼ੇਖ਼, ਮੋਚੀ-ਮੁਸੱਲੀ, ਬਾਹਮਣ-ਮੁਲਾਂ,
ਤੇ ਹੋਰ ਸਾਰੀ ਮਖਲੂਕ ਜਟ ਦੇ ਸਿਰ ਤੇ ਪਲਦੀ ਏ।

-੨੭-