ਪੰਨਾ:ਟੈਗੋਰ ਕਹਾਣੀਆਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਉਤੇ ਜਾਦੂ ਪਾਂਦੇ ਸਨ, ਹਰ ਪਾਸੇ, ਜੰਗਲ, ਪਹਾੜ, ਅਸਮਾਨ, ਸਤਾਰੇ ਅਤੇ ਘਾਹ ਉਸ ਤੇ ਮੋਹਿਤ ਹੋ ਜਾਂਦੇ ਸਨ।
ਇਸ ਵੇਲੇ ਲੋਕਾਂ ਦੇ ਦਿਲਾਂ ਵਿਚ ਜਿਸ ਖਿਆਲ ਦੀ ਲਹਿਰ ਉਠ ਰਹੀ ਸੀ, ਜੇ ਉਸਨੂੰ ਦਸਣਾ ਕੱਠਣ ਨਹੀਂ ਤਾਂ ਸੌਖਾ ਵੀ ਨਹੀਂ, ਦਿਲ ਇਸ ਸੰਸਾਰ ਤੋਂ ਚੁਕਿਆ ਦਿਸਦਾ ਸੀ, ਬਿੰਦ੍ਰਾਬਨ ਦੀਆਂ ਗਲੀਆਂ ਵਿਚ ਘੁੰਮ ਕੇ ਪ੍ਰਾਣ ਦੇਣ ਦੀ ਚਾਹ ਜਿਤ ਰਹੀ ਸੀ, ਅੱਖਾਂ ਪ੍ਰੇਮ ਦੇ ਨਾਲ ਭਰਪੂਰ ਸਨ, ਅਤੇ ਦਿਲ ਭਗਵਾਨ ਦੇ ਪ੍ਰੇਮ ਵਿਚ ਦਿਵਾਨਾ।
ਕਵੀ ਦੀ ਅਵਾਜ਼ ਕੋਇਲ ਵਾਂਗ ਸੁਰੀਲੀ ਅਤੇ ਦਿਲ ਖਿਚਵੀਂ ਸੀ, ਉਹ ਦੁਨੀਆਂ ਤੋਂ ਬੇ ਖਬਰ ਆਪਣੀ ਕਵਿਤਾ ਸੁਣਾਈ ਜਾਂਦਾ ਸੀ, ਉਸਨੂੰ ਅਜ ਇਹ ਵੀ ਪਤਾ ਨਹੀਂ ਸੀ ਕਿ ਮੇਰਾ ਟਾਕਰਾ ਪੰਡਰਾਕ ਨਾਲ ਹੈ, ਉਹ ਝੂਮਦਾ ਸੀ, ਅਤੇ ਆਪਣੀ ਕਵਿਤਾ ਸੁਣਾ ਰਿਹਾ ਸੀ, ਹਵਾ ਤੇਜ਼ ਸੀ, ਪੱਤੇ ਹਿਲ ਝੂਮ ਰਹੇ ਸਨ, ਦਰਖਤਾਂ ਤੋਂ ਸਰ ਸਰ ਦੀ ਅਵਾਜ਼ ਨਿਕਲ ਰਹੀ ਸੀ, ਪਰ ਉਸਨੂੰ ਕੀ, ਉਸਦੇ ਦਿਮਾਗ ਵਿਚ ਇਕ ਖੁਸ਼ੀ ਸੀ, ਅਤੇ ਕਿਸੇ ਖਿਆਲ ਦਾ ਦਿਲ ਉਤੇ ਕਾਬੂ ਸੀ, ਲੋਕ ਬਿਲਕੁਲ ਚੁਪ ਬੁਤ ਬਣਕੇ ਖਿਆਲ ਦੀ ਉਡਾਰੀ ਵਿਚ ਮਸਤ ਸੁਣ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਅਗੇ ਬਿੰਦ੍ਰਾਬਨ ਦਾ ਨਜ਼ਾਰਾ ਫਿਰ ਰਿਹਾ ਸੀ।
ਕੰਵਲ ਆਪਣੇ ਅਤੇ ਦੁਨੀਆਂ ਦੇ ਖਿਆਲ ਤੋਂ ਬੇ ਪੱਤੇ ਤੇ ਗਾ ਰਿਹਾ ਸੀ ਇਸ ਵੇਲੇ ਉਸਨੂੰ ਮਹਾਰਾਜ ਅਤੇ ਮੁਕਾਬਲੇ ਦੇ ਕਵੀ ਦੇ ਹੋਣ ਦਾ ਵੀ ਪਤਾ ਨਹੀਂ ਸੀ, ਸਗੋਂ ਉਹ ਕ੍ਰਿਸ਼ਨ ਪ੍ਰੇਮ ਵਿਚ ਅਤੇ ਆਪਣੇ ਉਚੇ ਖਿਆਲਾਂ ਵਿਚ ਮਸਤ ਗਾ ਰਿਹਾ ਸੀ, ਦਿਲ ਉਤੇ ਇਕ ਬੇ ਖਬਰ ਸੋਹਣੀ ਤਸਵੀਰ ਸੀ, ਇਸ ਵੇਲੇ ਉਹ ਰੂਹ ਵਿਚ ਖੁਸ਼ੀ ਦੀ ਇਕ ਬਿਜਲੀ ਦੀ ਖਿਚ ਵਾਲੀ ਮਸਤੀ ਅਨੁਭਵ ਕਰ ਰਿਹਾ ਸੀ।

-੨੧-