ਪੰਨਾ:ਟੈਗੋਰ ਕਹਾਣੀਆਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਕੰਵਲ ਨੇ ਫੇਰ ਅੱਖਾਂ ਖੋਲ੍ਹੀਆਂ ਅਤੇ ਹੈਰਾਨੀ ਨਾਲ ਰਾਜ ਕੁਮਾਰੀ ਵਲ ਵੇਖਣ ਲੱਗਾ, ਫੇਰ ਇਕ ਦਮ ਪਲੰਗ ਉਤੋਂ ਉਠ ਪਿਆ, ਰਾਜਕੁਮਾਰੀ ਨੇ ਆਪਣਾ ਮੂੰਹ ਉਸ ਦੇ ਕੰਨ ਦੇ ਕੋਲ ਲੈ ਜਾ ਕੇ ਹੌਲੀ ਜਹੀ ਕਿਹਾ।
"ਮੁਕਾਬਲੇ ਵਿਚ ਤੂੰ ਕਾਮਯਾਬ ਰਿਹਾ ਹੈਂ ਮੈਂ ਜਿੱਤ ਦਾ ਸੇਹਰਾ ਤੇਰੇ ਗਲ ਵਿਚ ਪੌਣ ਆਈ ਹਾਂ, ਮੇਰੇ ਖਿਆਲ ਵਿਚ ਮਹਾਰਾਜ ਨੇ ਤੇਰੇ ਨਾਲ ਬੇ-ਇਨਸਾਫੀ ਕੀਤੀ ਹੈ।"
ਕਵੀ ਦੇ ਦਿਲ ਵਿਚ ਜਵਾਰ ਭਾਟੇ ਦੀ ਲਹਿਰ ਵਰਗੀ ਹਾਲਤ ਪੈਦਾ ਹੋ ਗਈ, ਉਸ ਨੇ ਹਸਾਨ ਭਰੀ ਨਿਗਾਹ ਨਾਲ ਰਾਜ ਕੁਮਾਰੀ ਵਲ ਵੇਖਿਆ, ਕਵੀ ਦੀਆਂ ਅੱਖਾਂ ਵਿਚ ਹੰਝੂ ਸਨ, ਅਤੇ ਹੰਝੂਆਂ ਵਿਚ ਜੀਵਨ ਦਾ ਰਾਜ਼ ਜਿਸ ਨੂੰ ਇਨਸਾਨੀ ਦਿਮਾਗ ਅਜ ਤਕ ਨਾ ਸਮਝ ਸਕਿਆ।
ਰਾਜ ਕੁਮਾਰੀ ਨੇ ਆਪਣੇ ਗਲੇ ਵਿਚੋਂ ਫੁਲਾਂ ਦਾ ਹਾਰ ਲਾਹ ਕੇ ਕੰਵਲ ਦੇ ਗਲੇ ਵਿਚ ਪਾ ਦਿਤਾ।
ਉਸ ਵੇਲੇ ਕਵੀ ਬਿਸਤਰੇ ਤੇ ਡਿਗ ਪਿਆ, ਅਤੇ ਉਸ ਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ।