ਪੰਨਾ:ਟੈਗੋਰ ਕਹਾਣੀਆਂ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

ਦੁਨੀਆਂ ਦੇ ਪ੍ਰਸਿੱਧ ਕਵੀ ਡਾਕਟਰ ਰਾਬਿੰਦਰ ਨਾਥ ਟੈਗੋਰ ਨੇ ਸੰਨ ੧੮੬੧ ਵਿਚ ਕਲੱਕਤੇ ਦੇ ਇਕ ਪਿੰਡ ਬੂਲ ਪੁਰ ਵਿਖੇ ਸ੍ਰੀ ਦੇਵਿੰਦਰ ਨਾਥ ਠਾਕੁਰ ਦੇ ਘਰ ਜਨਮ ਲਿਆ, ਆਪ ਨੂੰ ਛੋਟੀ ਉਮਰ ਵਿਚ ਹੀ ਰਾਗ ਵਿਦਿਆ ਨਾਲ ਖਾਸ ਪਿਆਰ ਸੀ ਇਸ ਲਈ ਥੋੜੇ ਜਿਹੇ ਸਮੇਂ ਵਿਚ ਹੀ ਰਾਗ ਵਿਦਿਆ ਵਿਚ ਨਿਪੁੰਨ ਹੋ ਗਏ। ਫੇਰ ਇਸ ਦੇ ਨਾਲ ਗੀਤ ਲਿਖਣ ਦਾ ਸ਼ੌਕ ਉਠਿਆ।

ਸਤਾਰਾਂ ਸਾਲ ਦੀ ਉਮਰ ਵਿਚ ਆਪ ਨੂੰ ਉਚੇਰੀ ਵਿਦਿਆ ਪੜ੍ਹਨ ਵਾਸਤੇ ਵਲੈਤ ਭੇਜ ਦਿਤਾ ਗਿਆ। ਬਾਈ ਵਰ‍‍੍ਹੇ ਦੀ ਉਮਰ ਵਿਚ ਆਪ ਦਾ ਵਿਆਹ ਹੋ ਗਿਆ। ਜ਼ਿਮੀਂਦਾਰ ਹੋਣ ਦੇ ਕਾਰਨ ਪਿੰਡ ਵਿਚ ਹੀ ਰਹਿਣਾ ਪਿਆ। ਪੇਂਡੂ ਜੀਵਨ ਨੇ ਆਪ ਨੂੰ ਕੁਦਰਤ ਦੀ ਰੰਗ-ਬੇ-ਰੰਗੀ ਵਾਦੀ ਵਿਚ ਖੇਡਣ ਦਾ ਮੌਕਾ ਦਿੱਤਾ। ਪਰ ਇਹ ਖੁਸ਼ੀ ਥੋੜਾ ਚਿਰ ਰਹੀ ਅਤੇ ਆਪ ਦੀ ਧਰਮ ਪਤਨੀ ਗੁਜ਼ਰ ਗਈ ਇਸ ਦੇ ਥੋੜੇ ਚਿਰ ਪਿਛੋਂ ਪੁਤਰ ਤੇ ਧੀ ਵੀ ਸੁਰਗਵਾਸ ਹੋ ਗਏ। ਆਪ ਦਾ ਦਿਲ ਬਹੁਤ ਦੁਖਿਆ ਤੇ ਵੈਰਾਗ ਪੈਦਾ ਹੋ ਗਿਆ। ਇਸ ਦਾ ਸਿੱਟਾ ਸ਼ਾਨਤੀ ਨਕੇਤਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਫੇਰ ਆਪ ਯੂਰਪ ਤੇ ਅਮ੍ਰੀਕਾ ਦੀ ਸੈਰ ਵਾਸਤੇ ਚਲੇ ਗਏ, ਇਨਾਂ ਹੀ ਦਿਨਾਂ ਵਿਚ ਆਪ ਨੇ ਆਪਣੀ ਜਗਤ ਪ੍ਰਸਿੱਧ ਪੁਸਤਕ ਗੀਤਾਂਜਲੀ ਲਿਖੀ, ਜਿਸ ਦੇ ਲਿਖਣ ਤੇ ਆਪ ਨੂੰ ਦੁਨੀਆਂ ਦਾ ਨੋਬਲ ਪ੍ਰਾਈਜ਼ ਵੀਹ ਹਜ਼ਾਰ ਪੌਂਡ ਯਾਨੀ ਇਕ ਲੱਖ ਵੀਹ ਹਜ਼ਾਰ ਰੁਪਿਆ ਮਿਲਿਆ। ਏਸ ਚੀਜ਼ ਨੇ ਆਪ ਦੀਆਂ ਲਿਖਤਾਂ ਨੂੰ ਦੁਨੀਆਂ ਵਿਚ ਮਸ਼ਹੂਰ ਕਰ ਦਿਤਾ।

ਇਸ ਕਿਤਾਬ ਵਿਚ ਆਪ ਦੀਆਂ ਚੁਣੀਆਂ ਹੋਈਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਿੰਨੀ ਰੂਹਾਨੀਅਤ ਤੇ ਜੀਵਨ ਭਰਿਆ ਹੋਇਆ ਹੈ ਦਸਣ ਦੀ ਲੋੜ ਨਹੀਂ, ਪਾਠਕ ਆਪ ਹੀ ਸਮਝ ਲੈਣਗੇ।

ਸ਼ਾਂਤਿ ਅਸ੍ਰਮ ਸ਼ਾਂਤੀ ਨਾਰਾਇਣ 'ਕੁਜਾਹੀ'
ਮਾਡਲ ਟਾਉਨ, ਅੰਮ੍ਰਿਤਸਰ