ਪੰਨਾ:ਟੈਗੋਰ ਕਹਾਣੀਆਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਤੇ ਹਜ਼ਾਰਾਂ ਰੁਪਿਆ ਖਰਚ ਹੋਏ ਸਨ, ਦੀਨਾ ਨਾਥ ਨੇ ਅਪੀਲ ਕੀਤੀ, ਪਰ ਪਹਿਲੇ ਫੈਸਲੇ ਵਿਚ ਅਦਲਾ ਬਦਲੀ ਨਾ ਹੋ ਸਕੀ, ਜਦੋਂ ਤਕ ਮੁਕਦਮਾ ਚਲਦਾ ਰਿਹਾ ਓਦੋਂ ਤਕ ਦੋਨਾਂ ਦੀ ਮਿਤ੍ਰਤਾ ਵਿਚ ਕੁਝ ਫਰਕ ਨਾ ਪਿਆ, ਇਥੋਂ ਤਕ ਇਸ ਝਗੜੇ ਦਾ ਅਸਰ ਸਾਡੇ ਦਿਲ ਤੇ ਨਾ ਹੋਵੇ, ਇਸ ਖਿਆਲ ਨਾਲ ਮਨੋਹਰ ਹੋਰ ਵੀ ਰਮੇਸ਼ ਨੂੰ ਆਪਣੇ ਨੇੜੇ ਲਿਆਉਣ ਦੀ ਕੋਸ਼ਸ਼ ਕਰਨ ਲੱਗਾ ਤੇ ਰਮੇਸ਼ ਨੇ ਵੀ ਕੋਈ ਫਰਕ ਮਹਿਸੂਸ ਨਾ ਹੋਣ ਦਿਤਾ ਦੋਨੇਂ ਪਿਆਰ ਦੇ ਪੁਤਲੇ ਸਨ ਉਨ੍ਹਾਂ ਨੂੰ ਜਿਸ ਤਰ੍ਹਾਂ ਏਨੀ ਵੱਡੀ ਗੱਲ ਦਾ ਪਤਾ ਨਹੀਂ ਸੀ, ਉਹੋ ਹੀ ਚਬੂਤਰਾ ਸੀ, ਉਹੋ ਹੀ ਰਮੇਸ਼, ਮਨੋਹਰ, ਫੁਲਵਾੜੀ ਅਤੇ ਉਹੋ ਗੱਲਾਂ।
ਜਿਸ ਦਿਨ ਕਚਹਿਰੀ ਵਾਲਿਆਂ ਨੇ ਦੇਵੀ ਦਾਸ ਦੇ ਹਕ ਵਿਚ ਫੈਸਲ ਕਰ ਦਿਤਾ, ਉਸ ਦਿਨ ਉਨ੍ਹਾਂ ਦੇ ਘਰ ਵਿਚ ਤੇ ਖਾਸ ਤੌਰ ਤੇ ਜਨਾਨੀਆਂ ਵਿਚ ਬਹੁਤ ਧੂਮ ਧਾਮ ਹੋਈ, ਪਰ ਮਨੋਹਰ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ ਉਹ ਰਾਤ ਉਸਨੇ ਤੜਫ ਕੇ ਕੱਟੀ ਉਸਦੇ ਦੂਸਰੇ ਦਿਨ, ਤੀਸਰੇ ਪਹਿਰ, ਚਾਰ ਵਜੇ ਮਨੋਹਰ ਉਸੇ ਚਬੂਤਰੇ ਤੇ ਜਾ ਬੈਠਾ, ਉਸਦਾ ਮੂੰਹ ਮੁਰਝਾਇਆ ਹੋਇਆ ਸੀ, ਜਿਸ ਤਰ੍ਹਾਂ ਉਸਨੇ ਕੋਈ ਭੈੜਾ ਜੁਰਮ ਕੀਤਾ ਹੈ ਯਾਂ ਕਿਸੇ ਬੜੇ ਭਾਰੇ ਮੁਕਦਮੇ ਵਿਚ ਹਾਰ ਗਿਆ।
ਸਾਰਾ ਦਿਨ ਬੀਤ ਗਿਆ, ਪਰ ਰਮੇਸ਼ ਨਾ ਆਇਆ ਮਨੋਹਰ ਨੇ ਇਕ ਹਾਉਕਾ ਭਰ ਕੇ ਰਮੇਸ਼ ਦੇ ਮਕਾਨ ਵਲ ਵੇਖਿਆ, ਕਮਰੇ ਦੇ ਬੂਹੇ ਖੁਲ੍ਹੇ ਸਨ, ਕਿੱਲੀ ਤੇ ਰਮੇਸ਼ ਦੇ ਸਕੂਲ ਦੇ ਕਪੜੇ ਪਏ ਸਨ, ਉਸੇ ਤਰ੍ਹਾਂ ਤੇ ਹੋਰ ਕਈ ਚੀਜ਼ਾਂ ਨੂੰ ਵੇਖ ਕੇ ਮਨੋਹਰ ਨੂੰ ਪਤਾ ਲੱਗਾ ਕਿ ਰਮੇਸ਼ ਘਰ ਈ ਹੈ ਹੁੱਕਾ ਰੱਖ ਕੇ ਮਨੋਹਰ ਫਿਰਨ ਲੱਗਾ, ਉਸਨੇ ਹਜ਼ਾਰ ਵਾਰੀ ਕਮਰੇ ਵਲ ਵੇਖਿਆ, ਪਰ ਰਮੇਸ਼ ਬਾਗ ਵਿਚ ਨਾ ਆਇਆ, ਪਤਾ ਨਹੀਂ ਕਿਉਂ?

-੪੧-