ਪੰਨਾ:ਟੈਗੋਰ ਕਹਾਣੀਆਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੈਂ ਉਸ ਕੋਲੋਂ ਮੰਗੀ ਨਹੀਂ ਓਹ ਆਪ ਹੀ ਦੇ ਗਿਆ ਹੈ, ਹੁਣ ਮੁੰਨੀ ਦੀਆਂ ਅੱਖਾਂ ਵਿਚ ਅਥਰੂ ਸਨ, ਮੈਂ ਆਕੇ ਮੁੰਨੀ ਨੂੰ ਉਸ ਤਕਲੀਫ ਵਿਚੋਂ ਕਢਿਆ ਅਤੇ ਓਹਨੂੰ ਲੈ ਕੇ ਬਾਹਰ ਚਲਾ ਗਿਆ।
ਪਤਾ ਲੱਗਾ ਕਾਬਲੀ ਦਾ ਇਹ ਦੁਸਰਾ ਫੇਰਾ ਹੀ ਨਹੀਂ, ਓਹ ਰੋਜ ਆਉਂਦਾ ਹੈ, ਪਿਸਤਾ ਬਦਾਮ ਦੇ ਕੇ ਉਸ ਨੇ ਮੈਨੂੰ ਦੇ ਦਿਲ ਨੂੰ ਬਹੁਤ ਕਾਬੂ ਕਰ ਲਿਆ ਹੈ।
ਕਾਬਲੀ ਦਾ ਨਾਂ ਰਹਿਮਤ ਸੀ, ਰਹਿਮਤ ਅਤੇ ਮੁੰਨੀ ਦੀ ਉਮਰ ਵਿਚ ਜ਼ਮੀਨ ਅਤੇ ਅਸਮਾਨ ਦਾ ਫਰਕ ਸੀ, ਫੇਰ ਵੀ ਦੋਨਾਂ ਦਾ ਦਿਲ ਮਿਲ ਗਿਆ, ਇਨ੍ਹਾਂ ਦੋਨਾਂ ਵਿਚ ਕਈ ਸੁਆਲ ਜੁਆਬ ਵੀ ਹੋਏ ਰਹਿਮਤ ਨੂੰ ਦੇਖਦਿਆਂ ਹੀ ਮੁੰਨੀ ਹਸਦੀ ਹਸਦੀ ਪੁਛਦੀ।
"ਕਾਬਲੀ, ਓ ਕਾਬਲੀ, ਤੇਰੀ ਬਗਲੀ ਵਿਚ ਕੀ ਹੈ?"
ਇਸ ਦੇ ਉਤ੍ਰ ਵਿਚ ਰਹਿਮਤ ਕਹਿੰਦਾ।
"ਹਾਥੀ"
ਉਸਦੇ ਇਸ ਠਠੇ ਦਾ ਮਤਲਬ ਇਹੋ ਸੀ ਕਿ ਉਸਦੀ ਬਗਲੀ ਵਿਚ ਹਾਥੀ ਹੈ, ਇਹ ਠੱਠਾ ਕਿਸੇ ਗੂਜ੍ਹੇ ਭੇਤ ਦੀ ਕੁੰਜੀ ਨਹੀਂ ਸੀ ਤਾਂ ਵੀ ਦੋਨਾਂ ਮਿਤ੍ਰਾਂ ਨੂੰ ਇਸ ਤੋਂ ਬੜਾ ਅਨੰਦ ਮਿਲਦਾ ਸੀ।
ਇਕ ਦੋ ਗੱਲਾਂ ਹੋਰ ਵੀ ਇਹੋ ਜਹੀਆਂ ਸਨ, ਰਹਿਮਤ ਮੁੰਨੀ ਨੂੰ ਕਹਿੰਦਾ ਸੀ, "ਮੁੰਨੀ ਤੂੰ ਸਾਹੁਰੇ ਜਾਵੇਂਗੀ?"
ਮੁੰਨੀ ਨੂੰ ਕੀ ਪਤਾ ਕਿ ਸਾਰੇ ਕਿਸਨੂੰ ਕਹਿੰਦੇ ਹਨ ਪਰ ਕਿਸੇ ਗਲ ਦਾ ਜਵਾਬ ਦਿਤੇ ਬਿਨਾਂ ਓਹ ਨਹੀਂ ਸੀ ਰਹਿੰਦੀ, ਅਤੇ ਓਹ ਮੁੜਕੇ ਰਹਿਮਤ ਨੂੰ ਕਹਿੰਦੀ।
"ਤੂੰ ਸਹੁਰੇ ਕਦੋਂ ਜਾਵੇਂਗਾ?"

-੮੧-