ਪੰਨਾ:ਟੱਪਰੀਵਾਸ ਕੁੜੀ.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੇ ਪੈਰਾਂ ਨੂੰ ਚੰਬੜ ਜਾਏ,ਪਰ ਜਾ ਕਿਵੇਂ ਸਕਦੀ ਸੀ। ਨੋਟਰਡੈਮ ਦੇ ਬੂਹੇ ਚੋਂ ਬਾਹਰ ਪੈਰ ਕਢਣਾ ਉਸ ਲਈ ਬਹੁਤ ਖ਼ਤਰਨਾਕ ਸੀ। ਉਸ ਨੂੰ ਇਹ ਪਤਾ ਸੀ ਕਿ ਉਹ ਜੀਉਂਦੀ ਹੈ ਤਾਂ ਕੇਵਲ ਨੋਟਰਡੈਮ ਦੀ ਚਾਰ-ਦੀਵਾਰੀ ਦੇ ਅੰਦਰ ਹੋਣ ਕਰਕੇ। ਉਸ ਨੇ ਕੰਵਾਰੀ ਮਰੀਅਮ ਦੀ ਸ਼ਰਨ ਲਈ ਹੋਈ ਸੀ ਨਹੀਂ ਤਾਂ ਖ਼ੂਨੀ ਹੋਵੇ ਅਤੇ ਫੇਰ ਜੀਉਂਦੀ ਰਹੇ। ਉਸ ਨੇ ਇਕ ਕਪਤਾਨ ਤੇ ਖ਼ੂਨੀ ਵਾਰ ਕੀਤਾ ਸੀ। ਆਹ - ਪਰ ਕਿਸਨੂੰ ਪਤਾ ਸੀ ਕਿ ਉਹ ਫੀਬਸ ਉਤੋਂ ਜਾਨ ਦਿੰਦੀ ਹੈ। ਉਹ ਫੀਬਸ ਦੀਆਂ ਨਜ਼ਰਾਂ ਦਾ ਸ਼ਿਕਾਰ ਹੋ ਚੁੱਕੀ ਸੀ। ਲੋਕਾਂ ਨੂੰ ਏਨਾਂ ਹੀ ਪਤਾ ਸੀ ਕਿ ਉਸ ਨੇ ਫੀਬਸ ਉਤੇ ਛੁਰੇ ਨਾਲ ਵਾਰ ਕੀਤਾ ਸੀ ਪਰ ਕੌਣ ਜਾਣਦਾ ਸੀ ਕਿ ਉਸ ਵੇਲੇ ਜਿਸ ਆਦਮੀ ਨੂੰ ਉਹ ਆਪਣਾ ਮਿਤਰ ਸਮਝੀ ਉਸ ਦੇ ਨਾਲ ਜਾ ਰਿਹਾ ਸੀ, ਅਸਲ ਦੋਸ਼ੀ ਉਹੀ ਸੀ। ਉਸੇ ਨੇ ਹੀ ਉਸ ਤੇ ਵਾਰ ਕੀਤਾ ਸੀ। ਇਹ ਉਹੀ ਸਿਆਹ ਪੋਸ਼ ਸੀ ਜਿਹੜਾ ਉਸ ਦਿਨ ਛੁਰਾ ਲਈ ਫੀਬਸ ਦੇ ਸਿਰ ਤੇ ਨਜ਼ਰੀਂ ਪਿਆ ਸੀ। "ਆਹ! ਮੇਰੀ ਬਦ-ਕਿਸਮਤੀ, ਇਹ ਆਦਮੀ ਵੀ ਮੇਰੇ ਪਿਛੇ ਫਿਰਦਾ ਹੈ ਅਤੇ ਇਹ ਸਭ ਕੁਝ ਮੈਨੂੰ ਆਪਣਾ ਬਨਾਉਣ ਲਈ ਕੀਤਾ ਗਿਆ ਸੀ। ਹਾਏ, ਕੌਣ ਹੈ ਜਿਹੜਾ ਫੀਸ ਨੂੰ ਅਸਲੀਅਤ ਤੋਂ ਜਾਣੂ ਕਰੇ। ਉਸ ਨੂੰ ਮੇਰੀ ਬੇ-ਸਬਰੀ ਦੀ ਵਿਥਿਆ ਸੁਣਾਏ। ਮੈਂ ਉਸ ਨੂੰ ਤਨੋ ਮਨੋ ਹੋ ਕੇ ਪਿਆਰ ਕਰਦੀ ਹਾਂ ਪਰ ਉਹ ਮੇਰੀ ਕੋਈ ਪਰਵਾਹ ਨਹੀਂ ਕਰਦਾ। ਅਛਾ ਫੀਬਸ, ਅੱਜ ਮੈਂ ਫੇਰ ਪ੍ਰਣ ਕਰਦੀ ਹਾਂ - ਅਸਮਰ ਤੇਰੀ ਹੈ ਅਤੇ ਸਦਾ ਤੇਰੀ ਹੀ ਰਹੇਗੀ। ਤੂੰ ਜਾਣ ਭਾਵੇਂ ਨਾ ਜਾਣ ਪਰ ਉਹ ਤੇਰੇ ਉਤੋਂ ਜਾਨ ਦੇਂਦੀ ਹੈ।"

ਅਸਮਰ ਇਨ੍ਹਾਂ ਹੀ ਖ਼ਿਆਲਾਂ ਵਿਚ ਗੁਆਚੀ ਹਨੇਰੇ ਵਿਚ ਉਠ ਰਹੇ ਫੀਬਸ ਦੇ ਕਦਮਾ ਨੂੰ ਵੇਖ ਰਹੀ ਸੀ ਅਤੇ ਉਦੋਂ ਤਕ ਵੇਖਦੀ ਰਹੀ ਜਦ ਤਕ ਕਿ ਉਹ ਉਸਦੀਆਂ ਅੱਖਾਂ ਤੋਂ ਉਹਲੇ ਨਾ ਹੋ ਗਏ।

੧੧੩