ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੬

ਜਦ ਕੈਦੋ ਨੇ ਅਸਮਰ ਦਾ ਕਮਰਾ ਖ਼ਾਲੀ ਵੇਖਿਆ ਤਾਂ ਉਹ ਉਸ ਨੂੰ ਲਭਣ ਦੇ ਯਤਨ ਕਰਨ ਲਗਾ। ਉਹ ਕਦੇ ਹੇਠਾਂ ਜਾਂਦਾ ਸੀ ਅਤੇ ਕਦੇ ਉਪਰ ਜਾਂਦਾ ਸੀ। ਉਸ ਨੂੰ ਕੁਝ ਵੀ ਨਹੀਂ ਸੀ ਸੁਝਦਾ। ਉਸੇ ਵੇਲੇ ਸਰਕਾਰੀ ਅਫ਼ਸਰ ਵੀ ਉਸ ਦੀ ਮੌਤ ਦਾ ਸੁਨੇਹਾ ਲਈ ਉਸ ਨੂੰ ਨੋਟਰਡੈਮ ਵਿਚ ਲਭ ਰਹੇ ਸਨ। ਭੋਲਾ ਕੈਦੋ ਉਨਾਂ ਨੂੰ ਨਾਲ ਲਈ ਫਿਰਿਆ ਅਤੇ ਕਲਾ ਕਲਾ ਕਮਰਾ ਗਾਹ ਮਾਰਿਆ। ਉਹ ਤੁਰਾਨੀਆਂ ਨੂੰ ਹੀ ਅਸਮਰ ਦੇ ਵੈਰੀ ਸਮਝਦਾ ਸੀ। ਜੇ ਕਿਤੇ ਉਸ ਵੇਲੇ ਅਸਮਰ ਨੋਟਰਡੈਮ ਦੇ ਅੰਦਰ ਹੁੰਦੀ ਤਾਂ ਕੈਦੋ ਆਪ ਹੀ ਉਸ ਨੂੰ ਭੁਲੇਖੇ ਨਾਲ ਸਿਪਾਹੀਆਂ ਦੇ ਹਵਾਲੇ ਕਰ ਦੇਂਦਾ। ਸਿਪਾਹੀ ਉਸਨੂੰ ਗਿਰਜੇ ਵਿਚੋਂ ਭੱਜ ਗਈ ਸਮਝ ਕੇ ਉਸਦਾ ਪਿਛਾ ਕਰਨ ਲਗ ਪਏ।

ਜਦ ਕੈਦੋ ਨੂੰ ਬਿਲਕੁਲ ਯਕੀਨ ਹੋ ਗਿਆ ਕਿ ਜਿਸ ਨੂੰ ਉਸਨੇ ਏਨਾ ਚਿਰ ਬਚਾ ਬਚਾ ਕੇ ਰਖਿਆ ਸੀ ਉਹ ਉਸ ਪਾਸੋਂ ਖੋਹ ਲਈ ਗਈ ਹੈ ਤਾਂ ਉਹ ਅਫਸੋਸ ਵਿਚ ਮੁਨਾਰੇ ਦੀਆਂ ਪੌੜੀਆਂ ਚੜਨ ਲਗਾ। ਉਹੀ ਪੌੜੀਆਂ ਜਿਹੜੀਆਂ ਕਿ ਕਦੇ ਅਸਮਰ ਨੂੰ ਮੌਤ ਦੇ ਮੂੰਹੋਂ ਬਚਾ ਕੇ ਉਸ ਨੇ ਖ਼ੁਸ਼ੀ ਵਿਚ ਚੜ੍ਹੀਆਂ ਸਨ। ਅਤੇ ਅੱਜ ਉਸਨੂੰ ਗੁਆ ਕੇ ਅਫ਼ਸੋਸ ਵਿਚ ਚੜ੍ਹ ਰਿਹਾ ਹੈ। ਉਪਰ ਚੜ੍ਹਦਿਆਂ ਚੜ੍ਹਦਿਆਂ ਉਸ ਨੇ ਆਪਣਾ ਸਿਰ ਕੰਧਾਂ ਨਾਲ ਮਾਰ ਮਾਰ ਕੇ ਭੁੰਨ ਲਿਆ। ਅਖੀਰ ਉਪਰ ਪੁਜ ਕੇ ਉਹ ਥਕ ਗਿਆ ਅਤੇ ਜ਼ਮੀਨ ਤੇ ਲੇਟ ਗਿਆ।

ਲੇਟਿਆ ਲੇਟਿਆ ਉਹ ਸੋਚਣ ਲਗਾ ਕਿ ਅਸਮਰ ਏਥੋਂ ਕਿਦਾਂ ਜਾ ਸਕਦੀ ਸੀ। ਉਹ ਸੋਚਣ ਲਗਾ ਕਿ ਉਸ ਗੁਪਤ ਦਰਵਾਜ਼ੇ ਦੀ ਚਾਬੀ ਤਾਂ

੧੨੯