ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/138

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੇਵਲ ਪਾਦਰੀ ਪਾਸ ਹੀ ਸੀ।ਜ਼ਰੂਰ ਉਸੇ ਨੇ ਹੀ ਇਹ ਸ਼ਰਾਰਤ ਕੀਤੀ ਹੈ। ਉਸ ਦੀਆਂ ਅੱਖਾਂ ਅਗੇ ਪਾਦਰੀ ਫਰਲੋ ਦੀ ਉਸ ਰਾਤ ਵਾਲੀ ਘਟਨਾ ਆ ਗਈ ਜਦ ਉਸ ਨੇ ਅਸਮਰ ਤੇ ਹਲਾ ਕੀਤਾ ਸੀ। ਉਸ ਨੂੰ ਪਕਾ ਯਕੀਨ ਹੋ ਗਿਆ ਕਿ ਇਹ ਕਾਰਾ ਪਾਦਰੀ ਫਰਲੋ ਤੋਂ ਬਿਨਾਂ ਹੋਰ ਕਿਸੇ ਨਹੀਂ ਕੀਤਾ।

ਏਨੇ ਨੂੰ ਕੈਦੋ ਦੀ ਨਜ਼ਰ ਆਪਣੇ ਉਸਤਾਦ ਪਾਦਰੀ ਫਰਲੋ ਤੇ ਪਈ ਜਿਹੜਾ ਸਿਖਰ ਮੁਨਾਰੇ ਤੇ ਚੜਿਆ ਜਾ ਰਿਹਾ ਸੀ ਅਤੇ ਉਸਦੀ ਨਜ਼ਰ ਇਕ ਸਾਰ ਉਤਰ ਵਲ ਕਿਸੇ ਚੀਜ਼ ਤੇ ਲਗੀ ਹੋਈ ਸੀ। ਕੁਬਾ ਕੈਦੋ ਵੀ ਉਸ ਦਾ ਪਿਛਾ ਕਰਨ ਲਗਾ। ਪਾਦਰੀ ਆਪਣੇ ਧਿਆਨ ਵਿਚ ਏਨਾ ਮਘਨ ਸੀ ਕਿ ਉਸ ਨੂੰ ਪਿਛੇ ਆ ਰਹੇ ਕੈਦੋ ਦਾ ਕੋਈ ਪਤਾ ਨਾ ਲਗਾ।

ਪਾਦਰੀ ਮੁਨਾਰੇ ਦੇ ਬਨੇਰੇ ਤੇ ਖੜੋ ਕੇ ਨੀਝ ਨਾਲ ਗਿਰਊ ਮਹਲ ਵਲ ਵੇਖ ਰਿਹਾ ਸੀ। ਕੈਦੋ ਨੇ ਇਹ ਵੇਖਣ ਲਈ,ਕਿ ਪਾਦਰੀ ਕੀ ਵੇਖ ਰਿਹਾ ਹੈ, ਉਸ ਦੀ ਨਜ਼ਰ ਦੇ ਪਿਛੇ ਆਪਣੀ ਨਜ਼ਰ ਦੁੜਾਨ ਦਾ ਯਤਨ ਕੀਤਾ।

ਕੈਦੋ ਨੇ ਵੇਖਿਆ ਕਿ ਪਾਦਰੀ ਗਿਰਊ ਮਹਿਲ ਤੇ ਲਗੀ ਹੋਈ ਟਿਕਟਿਕੀ ਵਲ ਵੇਖ ਰਿਹਾ ਹੈ ਜਿਥੇ ਕਿ ਕੁਝ ਕੁ ਸਿਪਾਹੀ ਖੜੋਤੇ ਹਨ ਅਤੇ ਲਾਗੇ ਥੋੜੇ ਜਹੇ ਹੋਰ ਬੰਦੇ। ਇਕ ਆਦਮੀ ਟਿਕਟਿਕੀ ਤੇ ਪੌੜੀ ਲਾ ਕੇ ਚੜਿਆ। ਉਸ ਦੇ ਮੋਢਿਆਂ ਤੇ ਕੋਈ ਸਫੈਦ ਜਹੀ ਚੀਜ਼ ਸੀ। ਕੈਦੋ ਨੇ ਪਛਾਣ ਲਿਆ। ਇਹ ਅਸਮਰ ਸੀ। ਉਸ ਦੇ ਦੇਖਦਿਆਂ ਦੇਖਦਿਆਂ ਜਲਾਦ ਨੇ ਰਸੀ ਖਿਚੀ ਅਤੇ ਅਸਮਰ ਦੀ ਲੋਥ ਟਿਕਟਿਕੀ ਨਾਲ ਲਟਕਣ ਲਗੀ। ਪਾਦਰੀ ਪੂਰੇ ਧਿਆਨ ਨਾਲ ਇਹ ਕੁਝ ਦੇਖ ਰਿਹਾ ਸੀ। ਪਰ ਉਸ ਨੂੰ ਪਿਛੇ ਖੜੋਤੇ ਕੈਦੋ ਬਾਰੇ ਕੋਈ ਪਤਾ ਨਹੀਂ ਸੀ। ਜਦ ਟੱਪਰੀਵਾਸ ਕੁੜੀ ਦੀ ਲੋਥ ਟਿਕਟਿਕੀ ਨਾਲ ਲਟਕਣ ਲਗੀ ਤਾਂ ਪਾਦਰੀ ਹੌਕਾ ਮਾਰ ਕੇ ਬੋਲਿਆ, “ਜੇ ਤੂੰ ਮੇਰੇ ਨਹੀਂ ਬਣੀ ਤਾਂ ਕਿਸੇ ਹੋਰ ਦੀ ਵੀ ਨਹੀਂ ਬਣ ਸਕਦੀ। ਤੇਰੇ ਲਈ ਇਹੀ ਸਜ਼ਾ ਯੋਗ ਸੀ?"

੧੩੦