ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/15

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਂਟ ਛਾਂਟ ਦਾ ਸੀ। ਇਸ ਅਨਵਾਦ ਵਿਚ ਯਤਨ ਇਹ ਕੀਤਾ ਗਿਆ ਹੈ ਕਿ ਉਹਨਾਂ ਸਭ ਬਿਆਨਾਂ ਅਤੇ ਨਿੱਕਿਆਂ ਨਿੱਕਿਆ,ਇਕ ਗੱਠੇ ਪਿਆਂ ਗ਼ੈਰ-ਜ਼ਰੂਰੀ ਪਾਤਰਾਂ ਅਤੇ ਬਿਆਨਾਂ ਨੂੰ ਕੱਢ ਦਿਤਾ ਗਿਆ ਹੈ ਅਤੇ ਕਹਾਣੀ ਦੀ ਅਸਲੀ ਮੁਢਲੀ ਗੋਂਦ ਯਾ ਪਲਾਟ ਅਤੇ ਉਸ ਪਲਾਟ ਦਿਆਂ ਪਾਤਰਾਂ ਉਪਰ ਹੀ ਸੰਕੋਚ ਕੇ ਪਾਠਕ ਦੇ ਧਿਆਨ ਨੂੰ ਜੋੜਿਆ ਗਿਆ ਹੈ। ਮੇਰੇ ਵਿਚਾਰ ਵਿਚ ਇਹ ਕਾਂਟ ਛਾਂਟ ਚੰਗੀ ਕਹਾਣੀ-ਸਆਦ ਤੇ ਪਰਖ ਦਾ ਫਲ ਹੈ ਤੇ ਇਸ ਨਾਲ ਕਹਾਣੀ ਆਮ ਪੰਜਾਬੀ ਪਾਠਕ ਦੀ ਪਸੰਦ ਦੇ ਵਧੇਰੇ ਨੇੜੇ ਆ ਗਈ ਹੈ।

ਦੂਜਾ ਕੰਮ ਸੀ ਪਾਤਰਾਂ ਦੇ ਮੱਧ-ਸ਼ਤਾਬਦੀਆਂ ਦੇ ਕਲਾਸੀਕਲ ਫ਼ਰਾਂਸੀਸੀ ਨਾਵਾਂ ਨੂੰ ਸਾਦਾ ਤੇ ਸਰਲ ਆਕਾਰ ਦੇਣਾ ਜਿਸ ਨਾਲ ਲੰਮੇ ਤੇ ਓਚਾਰਣ ਵਿਚ ਔਖ ਲਿਆਉਣ ਵਾਲੇ ਨਾਂ ਚੇਤੇ ਰੱਖਣ ਯੋਗ ਬਣ ਜਾਣ। ਇਹ ਵੀ ਕਰ ਦਿਤਾ ਗਿਆ ਹੈ। ਮਿਸਾਲ ਵਜੋਂ ਨਾਵਲ ਦੀ ਨਾਇਕਾ ਨਾਚੀ ਮਿਸਰੀ ਕੁੜੀ, ਜਿਸਦਾ ਅਨੁਵਾਦ ਵਿਚ ਨਾਂ 'ਅਸਮਰ' ਹੈ, ਉਸ ਦਾ ਅਸਲ ਵਿਚ ਨਾਂ ‘ਲਾ ਐਸਐਰਾਲਡਾ’ ਹੈ। ਪਾਠਕ ਦੇਖ ਲੈਣਗੇ ਕਿ ਇਸ ਤਬਦੀਲੀ ਨਾਲ ਹੁਨਰੀ ਲਾਭ ਹੋਇਆ ਹੈ, ਤੇ ਜਿਵੇਂ ਨਾਂ ਹੁਣ ਹੈ ‘ਅਸਮਰ’ ਇਸ ਦੇ ਸ਼ਬਦਨਾਦ ਵਿਚ ਮਿਸਰੀ-ਪੁਣੇ ਦੀ ਭੀ ਅਚੇਤ ਹੀ ਇਕ ਝਲਕ ਜਿਹੀ ਆ ਜਾਂਦੀ ਹੈ ਜਿਸ ਨਾਲ ਕਿ ਰੁਮਾਂਟਿਕ ਵਾ-ਗੋਲ ਦੀ ਰਚਨਾ ਵਿਚ ਵਾਧਾ ਹੁੰਦਾ ਹੈ।

ਉਲਥੇ ਵਿਚ ਬਿਆਨ ਅਤੇ ਪਾਤਰਾਂ ਦੀ ਗਲ ਬਾਤ ਦੀ ਬੋਲੀ, ਦੋਹਾਂ ਨੂੰ ਮੈਂ ਪੜ੍ਹਕੇ ਸਲਾਹਿਆ ਹੈ। ਖ਼ਾਸ ਕਰਕੇ ਗਲਬਾਤ ਦੀ ਬੋਲੀ ਬਹੁਤ ਹੀ ਚੰਗੀ ਹੈ। ਬਿਆਨ ਦੀ ਬੋਲੀ ਬਾਰੇ ਮੈਂ ਤੱਕਿਆ ਹੈ ਕਿ ਇਸ ਵਿਚ ਬਹੁਤ ਸੁਚਮਣ ਤੇ ਕਿਤਾਬੀ ਰੰਗਣ ਦੇਣ ਦਾ ਯਤਨ ਨਹੀਂ ਕੀਤਾ ਗਿਆ। ਭਾਵ ਇਹ ਕਿ ਉਲਥਾਕਾਰ ਨੇ ਬਹੁਤ ਵਿਦਵਤਾ ਨਹੀਂ ਦੱਸੀ। ਬੋਲੀ ਸਾਫ਼ ਤੇ ਸਰਲ ਹੈ। ਬਹੁਤੀਆਂ ਬਰੀਕੀਆਂ ਪੱਧਰੀਆਂ ਕਰ ਕੇ ਬਿਆਨੀਆਂ ਗਈਆਂ ਹਨ। ਪੰਜਾਬੀ ਦੇ ਬਿਆਨੀਆਂ ਵਾਰਤਕ ਵਿਚ ਇਹ ਇਕ ਚੰਗਾ ਤੇ ਜਾਇਜ਼ ਰੰਗ ਹੈ, ਭਾਵੇਂ ਇਹ ਵਾਰਤਕ ਉੱਚ ਦਰਜੇ ਦੀ ਨਹੀਂ, ਕਿਉਂਜੋ ਉੱਚ ਦਰਜੇ ਦੀ ਵਾਰਤਕ ਬਹੁਤ ਭਾਵੁਕ, ਸੂਖਮ ਤੇ ਭਰਪੂਰ ਬਹੁਲਤਾ ਦੀ ਪਾਤ੍ਰ ਹੁੰਦੀ ਹੈ,