ਪੰਨਾ:ਟੱਪਰੀਵਾਸ ਕੁੜੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੰਡਲ ਤਾੜੀਆਂ ਤੇ ਖਿਲਖਿਲੀਆਂ ਨਾਲ ਗੂੰਜ ਉਠਿਆ। ਐਨ ਉਸ ਵੇਲੇ ਘੜਿਆਲ ਨੇ ਦੁਪਹਿਰ ਦੇ ਬਾਰਾਂ ਵਜਾਏ। ਲੋਕੀਂ ਹੁਣ ਬਹੁਤ ਕਾਹਲੇ ਪੈ ਗਏ ਅਤੇ ਹਾਲ ਵਿਚ ਕਈ ਅਵਾਜ਼ਾਂ ਗੂੰਜਣ ਲਗ ਪਈਆਂ। ਕੋਈ ਖੰਘਦਾ ਸੀ, ਕੋਈ ਨਕ ਨੂੰ ਫੜ ਕੇ ਨਿਛਾਂ ਮਾਰ ਰਿਹਾ ਸੀ ਪਰ ਬਹੁਤੇ ਲੋਕੀਂਂ ਮੂੰਹ ਖੋਲ੍ਹੀ, ਜੀਭਾਂ ਬਾਹਰ ਕਢ ਕੇ ਉਤਸ਼ਾਹ ਭਰੀਆਂ ਨਜ਼ਰਾਂ ਨਾਲ ਉਸ ਮੇਜ਼ ਵਲ ਤਕ ਰਹੇ ਸਨ ਜਿਹੜਾ ਹਾਲ ਦੇ ਵਿਚਕਾਰ ਪਿਆ ਹੋਇਆ ਸੀ। ਮੇਜ਼ ਦੇ ਆਲੇ ਦੁਆਲੇ ਚਾਰ ਹਥਿਆਰ ਬੰਦ ਸਿਪਾਹੀ ਬੁਤ ਬਣੇ ਖੜੋਤੇ ਸਨ। ਇਹਨਾਂ ਦੇ ਕੋਲ ਹੀ ਸਟੇਜ ਬਣਾਈ ਗਈ ਸੀ। ਲੋਕਾਂ ਨੇ ਬੜੇ ਉਤਾਵਲੇ ਹੋ ਕੇ ਫਲੇਮਸ ਸਫੀਰ ਦੀ ਗੈਲਰੀ ਵਲ ਤਕਿਆ। ਉਹ ਖਾਲੀ ਪਈ ਸੀ ਅਤੇ ਉਸ ਦਾ ਦਰਵਾਜ਼ਾ ਬੰਦ ਸੀ।

ਕੁਝ ਚਿਰ ਤਕ ਹੋਰ ਲੋਕੀਂ ਬੇਸਬਰੀ ਨਾਲ ਏਸ ਅਨੋਖੀ ਰਸਮ ਦੇ ਆਰੰਭ ਹੋਣ ਦੀ ਉਡੀਕ ਕਰਦੇ ਰਹੇ। ਪਰ ਸਬਰ ਦੀ ਵੀ ਕੋਈ ਹਦ ਹੁੰਦੀ ਹੈ। ਅਖੀਰ ਤੰਗ ਆ ਕੇ ਦਿੜ੍ਹਤਾ ਨਾਲ "ਸ਼ੁਰੂ ਕਰੋ, ਛੇਤੀ ਕਰੋ" ਦਾ ਰੌਲਾ ਪਾਉਂਦੇ ਹੋਏ ਲੋਕੀਂ ਸਟੇਜ ਵਲ ਨੂੰ ਵਧੇ।

"ਚੁਪ ਕਰੋ, ਚੁਪ ਕਰੋ" ਇਕ ਆਵਾਜ਼ ਹਾਲ ਵਿਚ ਗੂੰਜੀ।
ਸਾਰੇ ਹਾਲ ਵਿਚ ਮੌਤ ਵਾਂਗੂ ਖਾਮੋਸ਼ੀ ਵਰਤ ਗਈ ਅਤੇ ਕੇਵਲ ਲੋਕਾਂ ਦੇ ਉਤਾਵਲੇ ਸਾਹਾਂ ਦੀ ਆਵਾਜ਼ ਪੈਲਸ ਦੇ ਵਾਯੂ-ਮੰਡਲ ਵਿਚ ਗੂੰਜ ਰਹੀ ਸੀ ਏਨੇ ਨੂੰ ਜੁਪੀਟਰ ਨਾਂ ਦਾ ਇਕ ਆਦਮੀ ਸਟੇਜ ਤੇ ਆਇਆ ਤੇ ਕਹਿਣ ਲੱਗਾ- "ਸਜਣੋ, ਅਸੀਂ ਆਸਟਰੇਲੀਆ ਦੇ ਡਿਊਕ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਦੇ ਹਾਲ ਵਿਚ ਪੈਰ ਧਰਦਿਆਂ ਸਾਰ ਹੀ ਅਸੀਂ। ਇਹ ਰਸਮ ਸ਼ੁਰੂ ਕਰ ਦਿਆਂਗੇ।"

ਜੁਪੀਟਰ ਦੇ ਇਨ੍ਹਾਂ ਅਖਰਾਂ ਨਾਲ ਲੋਕਾਂ ਦੀ ਤਸੱਲੀ ਨਾਂ ਹੋਈ। ਪਬਲਿਕ ਦੇ ਅਥਾਹ ਜੋਸ਼ ਨੇ ਫੇਰ ਉਬਾਲਾ ਖਾਧਾ ਤੇ ਜੁਪੀਟਰ ਦੀ ਆਵਾਜ਼ ਲੋਕਾਂ ਦੇ ਰੌਲੇ ਵਿਚ ਗੁੰਮ ਹੋ ਗਈ। ਫੇਰ ਅਵਾਜ਼ਾਂ ਆਈਆਂ, "ਸ਼ੁਰੂ ਕਰੋ, ਸ਼ੁਰੂ ਕਰੋ।"

੧੧