ਪੰਨਾ:ਟੱਪਰੀਵਾਸ ਕੁੜੀ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਾਲਿਆਂ ਦੇ ਘੇਰੇ ਵਿਚ ਇਸ ਤਰਾਂ ਘਿਰ ਗਿਆ ਜਿਵੇਂ ਦੀਵਾ ਜਗਦਿਆਂ ਹੀ ਅਨੇਕਾਂ ਭੰਬਟਾਂ ਨਾਲ ਘਿਰ ਜਾਂਦਾ ਹੈ। ਅਨ-ਗਿਣਤ ਆਦਮੀ ਜਿਹੜੇ ਪਾਦਰੀ ਬਨਣ ਦੀ ਇਛਿਆ ਰਖਦੇ ਸਨ, ਅਗੇ ਵਧੇ ਪਰ ਨਾਕਾਮ ਹੀ ਵਾਪਸ ਪਰਤੇ ਅਤੇ ਪੈਲਸ ਦੇ ਵਡੇ ਦਰਵਾਜ਼ੇ ਥਾਣੀ ਬਾਹਰ ਨਿਕਲਦੇ ਗਏ ਕਿਉਂਕਿ ਲੋਕਾਂ ਨੇ ਉਨਾਂ ਦਾ ਉਥੇ ਖਲੋਣਾ ਅਸੰਭਵ ਕਰ ਦਿਤਾ ਸੀ। ਜੇ ਠਹਿਰਦੇ ਤਾਂ ਹੋ ਸਕਦਾ ਸੀ, ਉਹਨਾਂ ਦੀ ਚੰਗੀ ਗਤ ਬਣਦੀ। ਏਸ ਵੇਲੇ ਓਹੀ ਆਦਮੀ ਇਨਾਂ ਦੀ ਹਮਾਇਤ ਹਾਸਲ ਕਰ ਸਕਦਾ ਸੀ ਜਿਹੜਾ ਲਾਈ ਹੋਈ ਸ਼ਰਤ ਵਿਚ ਪੂਰਾ ਉਤਰਦਾ ਕਿਉਕਿ : ਲੋਕਾਂ ਦੀਆਂ ਬੇਕਰਾਰ ਨਜ਼ਰਾਂ ਉਸ ਖੁਸ਼ਨਸੀਬ ਬੰਦੇ ਦੀ ਉਡੀਕ ਵਿਚ ਸਨ ਜਿਹੜਾ ਕਿ ਉਨ੍ਹਾਂ ਦਾ ਪਾਦਰੀ ਬਨਣ ਵਾਲਾ ਸੀ, ਪਰ ਲੋਕਾਂ ਦੀ ਬੇਸਬਰੀ ਪਲ ਪਲ ਵਧਦੀ ਹੀ ਗਈ।

ਅੰਤ ਇਕ ਡਰਾਉਣੀ ਸ਼ਕਲ ਵਾਲਾ ਆਦਮੀ ਅਗੇ ਵਧਿਆ। ਉਸ ਦੀ ਪਿਠ ਉਤੇ ਊਂਠ ਵਾਂਗੂੰ ਕੁਬ ਜਿਹਾ ਉਭਰਿਆ ਹੋਇਆ ਸੀ ਅਤੇ ਉਸ ਦੀਆਂ ਭਿਆਨਕ ਅੱਖਾਂ ਵਿਚੋਂ ਚੰਗਿਆੜੇ ਨਿਕਲ ਰਹੇ ਸਨ। ਉਸ ਦੇ ਆਉਂਦਿਆਂ ਹੀ ਪੈਲਸ ਵਿਚ ਅਣਗਿਣਤ ਅਵਾਜ਼ਾਂ ਸੁਣਾਈ ਦਿਤੀਆਂ। "ਕੈਦੋ, ਨੋਟਰ ਦਾ ਕੁਬਾ", "ਕਾਣਾ ਖੈਦੋ", "ਗਰਭਵਤੀ ਇਸਤ੍ਰੀਆਂ ਲਾਂਭੇ ਹੋ ਜਾਣ" ਆਦਿ। ਇਸਤਰੀਆਂ ਦਾ ਦਿਲ ਵਧੇਰੇ ਨਾਜ਼ਕ ਹੁੰਦਾ ਹੈ ਏਸ ਲਈ ਜਿਹੜੀਆਂ ਉਥੇ ਸਨ ਉਨ੍ਹਾਂ ਨੇ ਏਸ ਦੇਓ ਦੀ ਸ਼ਕਲ ਤੋਂ ਡਰ ਕੇ ਦੋਹਾਂ ਹਥਾਂ ਨਾਲ ਆਪਣੇ ਚਿਹਰਿਆਂ ਨੂੰ ਢੱਕ ਲਿਆ। ਅਵਾਜ਼ਾਂ ਪਹਿਲੇ ਨਾਲੋਂ ਵੀ ਉੱਚੀਆਂ ਹੁੰਦੀਆਂ ਗਈਆਂ।

"ਹੂਈ, ਜਿੰਨ ਦਾ ਜਿੰਨ" ਇਕ ਨੇ ਕਿਹਾ-

"ਸ਼ੈਤਾਨ ਹੈ, ਇਹ ਸ਼ੈਤਾਨ" ਦੂਜਾ ਜ਼ਰਾ ਧੌਣ ਨੂੰ ਮਟਕਾਉਂਦਾ ਹੋਇਆ ਬੋਲਿਆ।

ਇਕ ਹੋਰ ਬੋਲਿਆ, "ਮੈਂ ਬਦਕਿਸਮਤੀ ਨਾਲ ਨੋਟਰ-ਡੈਮ ਦੇ ਨੇੜੇ ਰਹਿੰਦਾ ਹਾਂ ਤੇ ਰੋਜ਼ ਰਾਤੀਂ ਇਸਨੂੰ ਗੰਦੇ ਨਾਲੇ ਵਿਚ ਲੇਟਦਾ ਵੇਖਦਾ ਹਾਂ।"

੧੬