“ਇਹ ਇਕ ਲੰਬੀ ਕਹਾਣੀ ਹੈ। ਕਦੇ ਫੇਰ ਦਸਾਂਗਾ।” ਗੌਰੀ ਨੇ ਉਤਰ ਦਿਤਾ।
“ਅਛਾ, ਤੇ ਇਹ ਫ਼ਰਾਂਸ ਵਿਚ ਕਿਵੇਂ ਆਈ?” ਫਰਲੋ ਨੇ ਪ੍ਰਸ਼ਨ ਕੀਤਾ।
ਗੌਰੀ ਬੋਲਿਆ, “ਮਿਸਰੀ ਨਵਾਬ ਨੇ, ਜਿਸ ਦੀ ਸਹਾਇਤਾ ਨਾਲ ਮੈਂ ਇਸ ਨਾਲ ਵਿਆਹ ਕੀਤਾ ਹੈ, ਮੈਨੂੰ ਦਸਿਆ... ...।
ਫਰਲੋ ਨੇ ਉਸ ਦੀ ਗਲ ਨੂੰ ਕਟਦਿਆਂ ਹੋਇਆਂ ਕਿਹਾ, “ਇਹ ਮਿਸਰੀ ਨਵਾਬ ਕੌਣ ਹੈ?”
ਗੌਰੀ ਕਹਿਣ ਲਗਾ, “ਇਹ ਇਕ ਉਸ ਖੌਫਨਾਕ ਟੋਲੇ ਦਾ ਸਰਦਾਰ ਹੈ ਜਿਹੜਾ ਪੈਰਸ ਦੇ ਇਕ ਉਜਾੜ ਜਹੇ ਹਿਸੇ ਵਿਚ ਰਹਿੰਦਾ ਹੈ। ਹਾਂ, ਉਸ ਦੇ ਮੈਨੂੰ ਦਸਿਆ ਕਿ ਨਿਕਿਆਂ ਹੁੰਦਿਆਂ ਤੋਂ ਹੀ ਇਹ ਆਪਣੇ ਮਾਪਿਆਂ ਨਾਲੋਂ ਵਿਛੜ ਗਈ ਸੀ ਕਿਉਂਕਿ ਟੱਪਰੀਵਾਸਾਂ ਦੇ ਇਕ ਟੋਲੇ ਨੇ ਉਸਨੂੰ ਅਗਵਾ ਕਰ ਲਿਆ ਸੀ। ਉਹ ਏਸੇ ਹੀ ਦੇਸ਼ ਵਿਚ ਜੁਆਨ ਹੋਈ ਹੈ। ਇਸ ਤੋਂ ਬਿਨਾਂ ਉਸ ਨੇ ਮੈਨੂੰ ਇਹ ਵੀ ਦਸਿਆ ਕਿ ਉਸ ਦੇ ਕੋਲ ਇਕ ਜ਼ਮੁਰਦ ਹੈ, ਜਿਹੜਾ ਉਸਨੇ ਗਲ ਵਿਚ ਪਾਇਆ ਹੋਇਆ ਹੈ। ਜਦ ਕਦੀ ਵੀ ਉਸਦੇ ਮਾਪੇ ਉਸ ਨੂੰ ਮਿਲੇ ਉਹ ਜ਼ਮੁਰਦ ਦੀ ਸਹਾਇਤਾ ਨਾਲ ਉਸਨੂੰ ਪਛਾਣ ਲੈਣਗੇ। ਉਸਨੇ ਮੈਨੂੰ ਇਹ ਵੀ ਦਸਿਆ ਕਿ ਟੱਪਰੀਵਾਸਾਂ ਦਾ ਟੋਲਾ ਜਿਹੜਾ ਕਿ ਜਨਗਾਰੀ ਨਾਂ ਨਾਲ ਮਸ਼ਹੂਰ ਹੈ, ਹਸਪਾਨੀਆ ਪੁਜਾ। ਉਥੇ ਕੁਛ ਚਿਰ ਠਹਿਰ ਕੇ ਕੁਸਤੁਨਤੁਨੀਆਂ ਦੀ ਰਾਹ ਲਈ ਅਤੇ ਉਥੋਂ ਫੇਰ ਰੋਮ ਦੇ ਸੁਹਾਵਣੇ ਜਜ਼ੀਰੇ ਸਿਸਲੀ ਵਿਚ ਕੁਝ ਚਿਰ ਰਹੇ। ਅਖੀਰ ਬੋਹੀਮਾ ਦੇ ਰਸਤੇ ਫ਼ਰਾਂਸ ਵਿਚ ਦਾਖ਼ਲ ਹੋਏ। ਇਹ ਕੁੜੀ ਉਨਾਂ ਦੇ ਨਾਲ ਰਹੀ ਤੇ ਇਸ ਖੌਫਨਾਕ ਟੋਲੇ ਦੇ ਨਾਲ ਹੀ ਪੈਰਿਸ ਵਿਚ ਦਿਨ ਗੁਜ਼ਾਰਦੀ ਰਹੀ।
“ਖੂਬ, ਬਹੁਤ ਖੂਬ” ਫਰਲੋ ਨੇ ਗਲ ਬਾਤ ਜਾਰੀ ਰੱਖਦਿਆਂ ਹੋਇਆਂ ਕਿਹਾ, “ਤਾਂ ਤੇ ਅੱਜ ਕਲ ਖ਼ੂਬ ਤੁਹਾਡੀਆਂ ਰਾਤਾਂ ਤੇ ਦਿਨ ਉਸਦੇ ਪਿਆਰ ਨਾਲ ਭਰਪੂਰ ਬੀਤਦੇ ਹੋਣਗੇ।