ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/52

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪ੍ਰੀਤ ਭਰੇ ਗੀਤ ਅਲਾਪੇ ਅਤੇ ਚੁਪ ਹੋ ਗਏ ਪਰ ਅਸਮਰ ਨਾ ਮੁੜੀ। ਗੌਰੀ ਨੂੰ ਕੁਝ ਲੋਕਾਂ ਦੀ ਜ਼ਬਾਨੀ ਪਤਾ ਲਗਾ ਕਿ ਉਨ੍ਹਾਂ ਨੇ ਉਸ ਨੂੰ ਸੰਤ ਮਿਚਲ ਦੀ ਸਮਾਧ ਦੇ ਲਾਗਿਓਂ ਦੀ ਇਕ ਫ਼ੌਜੀ ਅਫ਼ਸਰ ਨਾਲ ਜਾਂਦਿਆਂ ਵੇਖਿਆ ਸੀ। ਇਸ ਲਈ ਗੌਰੀ ਦੇ ਦਿਲ ਵਿਚ ਉਸ ਲਈ ਨਫ਼ਰਤ ਪੈਦਾ ਹੋ ਗਈ ਅਤੇ ਉਸਨੂੰ ਭੁਲ ਜਾਣ ਦੀ ਕੋਸ਼ਸ਼ ਕਰਨ ਲਗਾ। ਉਹ ਮਦਾਰੀਆਂ ਦਾ ਪੇਸ਼ਾ ਛਡ ਕੇ ਮੁੜ ਲਿਖਾਰੀਆਂ ਦੀ ਦੁਨੀਆਂ ਵਿਚ ਦਾਖ਼ਲ ਹੋ ਗਿਆ ਅਤੇ ਸਾਹਿਤਕ ਦੁਨੀਆ ਵਲੋਂ ਉਸਨੂੰ ਬੜੇ ਚਾ ਨਾਲ ਜੀ ਆਇਆਂ ਆਖਿਆ ਗਿਆ। ਉਚੇ ਘਰਾਣੇ ਦੇ ਲੋਕੀ ਤਾਂ ਪਹਿਲਾਂ ਵੀ ਉਸ ਦੀ ਲਿਖਤ ਨੂੰ ਬੜੀ ਦਿਲਚਸਪੀ ਨਾਲ ਪੜ੍ਹਦੇ ਸਨ।

ਹੁਣ ਗੌਰੀ ਨੂੰ ਚੰਗੀ ਤਰ੍ਹਾਂ ਪਤਾ ਲਗ ਚੁਕਾ ਸੀ ਕਿ ਅਸਮਰ ਨੋਟਰ-ਡੈੈਮ ਦੇ ਕਿਸੇ ਹਿਸੇ ਵਿਚ ਰਹਿੰਦੀ ਹੈ ਅਤੇ ਫੀਬਸ ਨਾਂ ਦਾ ਇਕ ਆਦਮੀ ਉਸ ਨੂੰ ਹਦੋਂ ਵਧ ਪਿਆਰ ਕਰਦਾ ਸੀ। ਉਸ ਆਦਮੀ ਦਾ ਚਾਲ ਚਲਨ ਬਹੁਤ ਭੈੜਾ ਸੀ। ਇਸ ਲਈ ਉਹ ਅਸਮਰ ਨੂੰ ਕੈਵਲ ਦਿਖਾਵੇ ਦਾ ਹੀ ਪਿਆਰ ਕਰਦਾ ਸੀ। ਗੌਰੀ ਨੂੰ ਇਹ ਵੀ ਪਤਾ ਲਗਾ ਸੀ ਕਿ ਅਸਮਰ ਵੀ ਉਸ ਨੂੰ ਦਿਲੋਂ ਚਾਹੁੰਦੀ ਹੈ ਪਰ ਉਹ ਕਈ ਕਈ ਦਿਨਾਂ ਤਕ ਉਸ ਪਾਸ ਆਉਂਦਾ ਹੀ ਨਹੀਂ। ਜੇ ਕਿਤੇ ਆਉਂਦਾ ਹੈ ਤਾਂ ਕੇਵਲ ਆਪਣੇ ਜੀ ਪਰਚਾਵੇ ਲਈ।

ਗੌਰੀ ਨੇ ਕਿਸੇ ਜਜ਼ਬੇ ਦੇ ਅਸਰ ਹੇਠ ਕਈ ਵੇਰ ਉਸ ਪਾਸ ਜਾਣ ਦੀ ਸਲਾਹ ਕੀਤੀ ਪਰ ਫੇਰ ਉਸ ਦੀ ਬੇ-ਵਫ਼ਾਈ ਦਾ ਖ਼ਿਆਲ ਕਰਦਿਆਂ ਹੀ ਆਪਣੇ ਇਰਾਦਿਆਂ ਨੂੰ ਬਦਲ ਦੇਂਦਾ ਸੀ।


੪੪