ਪੰਨਾ:ਟੱਪਰੀਵਾਸ ਕੁੜੀ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧੨


ਪੋਮੀਈਵ ਦਾ ਮਸ਼ਹੂਰ ਨਾਚ ਘਰ ਯੂਨੀਵਰਸਿਟੀ ਵਿਚ ਸੀ ਜਿਹੜੀ ਲਾਰੋ ਲੈਂਡ ਦੇ ਕੰਢੇ ਤੇ ਸੀ। ਇਸ ਦਾ ਸਭ ਤੋਂ ਵਡਾ ਕਮਰਾ ਚਮਕੀਲੇ ਪਥਰ ਦਾ ਬਣਿਆ ਹੋਇਆ ਸੀ। ਇਸ ਦੇ ਐਨ ਵਿਚਕਾਰ ਲਕੜੀ ਦਾ ਇਕ ਬੜਾ ਥੰਮ੍ਹ ਸੀ ਜਿਹੜਾ ਛੱਤ ਨੂੰ ਸਹਾਰਾ ਦਿਤੀ ਖੜੋਤਾ ਸੀ। ਕਮਰੇ ਵਿਚ ਚੌਹੀਂ ਪਾਸੀਂ ਮੇਜ਼ਾਂ ਲਗੀਆਂ ਹੋਈਆਂ ਸਨ ਜਿਨ੍ਹਾਂ ਦੇ ਲਾਗੇ ਕੁਰਸੀਆਂ ਤੇ ਸ਼ਰਾਬ ਪੀਣ ਵਾਲੇ ਮੁੰਡੇ ਕੁੜੀਆਂ ਬੈਠੇ ਹੋਏ ਸਨ।

ਰਾਤ ਦਾ ਵੇਲਾ ਸੀ ਅਤੇ ਗਲੀ ਵਿਚ ਬਿਲਕੁਲ ਘੁਪ ਹਨੇਰਾ ਸੀ। ਨਾਚ ਘਰ ਵਿਚ ਹਰ ਪਾਸੇ ਬਤੀਆਂ ਜਗ ਰਹੀਆਂ ਸਨ ਅਤੇ ਹੋਟਲ ਦੇ ਲੋਕੀਂ ਆਪਣੇ ਮੌਜ ਮੇਲੇ ਵਿਚ ਮਸਤ ਸਨ। ਹੋਟਲ ਦੇ ਬਾਹਰ ਨਾਚ ਘਰ ਵਿਚੋਂ ਨਿਕਲਣ ਵਾਲਾ ਧੂਆਂ ਵਾਯੂ-ਮੰਡਲ ਵਿਚ ਡਰਾਉਣੀਆਂ ਸ਼ਕਲਾਂ ਬਣਾ ਰਿਹਾ ਸੀ ਅਤੇ ਕਦੇ ਕਦੇ ਹਨੇਰੇ ਵਿਚ ਖਿਲਖਿਲੀਆਂ ਦੀਆਂ ਆਵਾਜ਼ਾਂ ਉਠਦੀਆਂ ਸਨ। ਸੜਕ ਤੋਂ ਲੰਘਦੇ ਕੰਮ ਧੰਦੇ ਵਾਲੇ ਬੰਦੇ ਜਾਂਦੇ ਜਾਂਦੇ ਹੋਟਲ ਤੇ ਨਿਗਾਹ ਸੂਟਕੇ ਅਗੇ ਵਧਦੇ ਸਨ। ਕਈ ਇਕ ਤਾਂ ਅੰਦਰ ਝਾਕ ਕੇ ਉਸ ਸਮੇਂ ਦੇ ਰਿਵਾਜ ਅਨੁਸਾਰ ਕੁਝ ਕਹਿਕੇ ਲੰਘਦੇ ਸਨ ਤਾਂ ਜੋ ਸ਼ਰਾਬੀਆਂ ਦੇ ਹੌਸਲੇ ਵਧੇ ਰਹਿਣ।

ਹੋਟਲ ਦੇ ਦਰਵਾਜ਼ੇ ਤੋਂ ਬਾਹਰ ਇਕ ਆਦਮੀ ਹਨੇਰੇ ਵਿਚ ਕਿਸੇ ਨੂੰ ਉਡੀਕ ਰਿਹਾ ਸੀ। ਉਸ ਨੇ ਖੂਬ ਸੂੂਟ ਬੂਟ ਕਸੇ ਹੋਏ ਸਨ। ਉਹ ਕਦੇ ਕਦੇ ਸੀਟੀ ਵਜਾਉਂਦਾ ਹੋਇਆ ਬਾਰੀ ਥਾਣੀ ਝਾਕ ਕੇ ਵੇਖਦਾ ਸੀ ਅਤੇ ਫੇਰ ਸੀਟੀ ਵਜਾਉਂਦਾ ਹੋਇਆ ਹੌਲੇ ਹੌਲੇ ਟਹਿਲਣ ਲਗ ਪੈਂਦਾ। ਕੁਝ ਚਿਰ ਪਿਛੋਂ ਨਾਚ ਘਰ ਦਾ ਬੂਹਾ ਖੁਲ੍ਹਾ ਤੇ ਦੋ ਆਦਮੀ ਬਾਹਰ ਆਏ।

੪੬