ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਾਹਲੀ ਕਾਹਲੀ ਪੈਰ ਪੁਟਦੇ ਅਗੇ ਵਧਦੇ ਗਏ ਅਤੇ ਕੁਝ ਕੁ ਮਿੰਟਾਂ ਵਿਚ ਹੀ ਇਕ ਅਜਿਹੀ ਥਾਂ ਤੇ ਪੁਜ ਗਏ ਜਿਥੋਂ ਦਰਿਆ ਦਾ ਪਾਣੀ ਵਗਦਾ ਸੁਣਾਈ ਦੇਂਦਾ ਸੀ। ਹੁਣ ਉਹ ਸੰਤ ਮਿਚਲ ਤੇ ਪੁਜ ਗਏ ਸਨ।

"ਪਹਿਲੇ ਤਾਂ ਮੈਂ ਤੁਹਾਡੀ ਉਸ ਨਾਲ ਜਾਣ ਪਛਾਣ ਕਰਾਵਾਂਗਾ ਅਤੇ ਫੇਰ ਜਾ ਕੇ ਉਸ ਕੁੜੀ ਨੂੰ ਲੈ ਆਵਾਂਗਾ।" ਫੀਬਸ ਨੇ ਕਿਹਾ ਪਰ ਉਸ ਦੇ ਸਾਥੀ ਨੇ ਕੋਈ ਉਤਰ ਨਾ ਦਿਤਾ ਅਤੇ ਉਹ ਚੁਪ ਚਾਪ ਕਾਫ਼ੀ ਦੂਰ ਤਕ ਤੁਰੇ ਗਏ। ਫੀਬਸ ਇਕ ਮਕਾਨ ਦੇ ਬੂਹੇ ਅਗੇ ਰੁਕਿਆ ਅਤੇ ਕੁੰਡਾ ਖੜਕਾਇਆ।

"ਕੌਣ ਹੈ?" ਇਕ ਮਧਮ ਜਿਹੀ ਆਵਾਜ਼ ਅੰਦਰੋਂ ਆਈ।

"ਕਪਤਾਨ" ਫੀਬਸ ਨੇ ਉਤਰ ਕਿਹਾ।

ਅੰਦਰੋਂ ਦਰਵਾਜ਼ਾ ਖੁਲ੍ਹਿਆ, ਲੋ ਦਿਸੀ ਅਤੇ ਇਕ ਬੁਢੀ ਟੁੱਟਾ ਹੋਇਆ ਦੀਵਾ ਹੱਥ ਵਿਚ ਫੜੀ ਬਾਹਰ ਆਈ। ਦੀਵੇ ਦੀ ਲੋ ਤੇ ਬੁਢੀ ਦਾ ਸਰੀਰ ਦੋਵੇਂ ਕੰਬ ਰਹੇ ਸਨ। ਇਸ ਦੇ ਪਿਛੋਂ ਦੋਵੇਂ ਸਾਥੀ ਬੁਢੀ ਦੇ ਘਰ ਅੰਦਰ ਚਲੇ ਗਏ ਜਿਹੜਾ ਕੁਤਿਆਂ ਦੇ ਰਹਿਣ ਵਾਲਾ ਮਲੂਮ ਹੁੰਦਾ ਸੀ। ਕਪਤਾਨ ਨੇ ਜਿਹੜਾ ਰੁਪਿਆ ਆਪਣੇ ਸਾਥੀ ਪਾਸੋਂ ਲਿਆ ਸੀ, ਬੁਢੀ ਨੂੰ ਦੇ ਦਿਤਾ ਅਤੇ ਉਸ ਨੇ ਚੋਗੇ ਵਿਚ ਪਾ ਲਿਆ। ਫੇਰ ਉਹ ਉਨ੍ਹਾ ਨੂੰ ਨਾਲ ਲੈ ਕੇ ਪੌੜੀਆਂ ਵਲ ਤੁਰ ਪਈ। ਉਪਰਲੀ ਛੱਤ ਵਿਚ ਪੁਜ ਕੇ ਉਸ ਨੇ ਦੀਵਾ ਇਕ ਬਾਰੀ ਵਿਚ ਰਖ ਦਿਤਾ। ਫੀਬਸ ਨੇ ਬੂਹਾ ਖੋਹਲਿਆ ਅਤੇ ਆਪਣੇ ਸਾਥੀ ਨੂੰ ਅੰਦਰ ਜਾਣ ਲਈ ਕਿਹਾ। ਉਹ ਆਪਣੀ ਥਾਂ ਤੋਂ ਉਠਿਆ ਤੇ ਝਕਦਾ ਝਕਦਾ ਕਮਰੇ ਦੇ ਅੰਦਰ ਚਲਾ ਗਿਆ। ਬੁਢੀ ਤੇ ਫੀਬਸ ਹੇਠਾਂ ਜਾਣ ਲਈ ਪੌੜੀਆਂ ਵਲ ਨੂੰ ਵਧੇ। ਕਮਰੇ ਵਿਚ ਬਿਲਕੁਲ ਹਨੇਰਾ ਹੋ ਗਿਆ।


੫੧