ਪੰਨਾ:ਟੱਪਰੀਵਾਸ ਕੁੜੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਹਾਏ, ਰਬ ਦੇ ਵਾਸਤੇ ਮੈਨੂੰ ਇਹ ਦਸ ਦਿਓ ਕਿ ਕੀ ਉਹ ਜੀਉਂਦਾ ਹੈ।” ਅਸਮਰ ਨੇ ਤਰਲਾ ਜਿਹਾ ਲੈ ਕੇ ਕਿਹਾ।

“ਅੱਛਾ”, ਸਰਕਾਰੀ ਵਕੀਲ ਨੇ ਕਿਹਾ, “ਉਹ ਮਰ ਗਿਆ ਹੈ। ਕੀ ਇਸ ਨਾਲ ਤੈਨੂੰ ਤਸੱਲੀ ਹੋ ਸਕਦੀ ਹੈ?”

ਬਦਨਸੀਬ ਅਸਮਰ ਇਹ ਸੁਣਦਿਆਂ ਹੀ ਲੜਖੜਾ ਕੇ ਭੁੰਜੇ ਡਿਗ ਪਈ।

“ਅੱਛਾ ਹੁਣ ਦੂਜੇ ਦੋਸ਼ੀ ਨੂੰ ਹਾਜ਼ਰ ਕਰੋ” ਜਜ ਨੇ ਜਲਾਦ ਨੂੰ ਕਿਹਾ। ਹੁਣ ਸਾਰਿਆਂ ਦੀਆਂ ਅੱਖਾਂ ਦਰਵਾਜ਼ੇ ਤੇ ਸਨ। ਜਦ ਦਰਵਾਜ਼ਾ ਖੁਲ੍ਹਿਆ ਤਾਂ ਇਕ ਬਕਰੀ ਜ਼ਰਾ ਕੁ ਸਰਦਲ ਤੇ ਖੜੋ ਕੇ ਅੰਦਰ ਆਈ ਅਤੇ ਏਧਰ ਓਧਰ ਵੇਖਣ ਲਗੀ। ਅਖ਼ੀਰ ਅਸਮਰ ਕੋਲ ਆ ਕੇ ਖੜੋ ਗਈ।

“ਹੁਣ ਮੈਂ ਇਨ੍ਹਾਂ ਦੋਹਾਂ ਨੂੰ ਪਛਾਣਦੀ ਹਾਂ।” ਬੁਢੀ ਨੇ ਕਿਹਾ।

“ਦਰਸ਼ਕ ਜਨੋ ਜੇ ਤੁਸੀਂ ਕਹੋ ਤਾਂ ਅਸੀਂ ਇਸ ਬਕਰੀ ਦਾ ਇਮਤਿਹਾਨ ਲਈਏ।"

ਗੌਰੀ ਇਹ ਸਭ ਕੁਝ ਵੇਖ਼ ਕੇ ਹੈਰਾਨ ਹੋ ਰਿਹਾ ਸੀ ਅਤੇ ਬੁਤ ਬਣਿਆ ਖੜੋਤਾ ਸੀ। ਏਨੇ ਨੂੰ ਇਕ ਵਕੀਲ ਨੇ ਤੰਬੂਰਾ ਚੁਕ ਕੇ ਡੁਜਲੀ ਦੇ ਲਾਗੇ ਕੀਤਾ ਤੇ ਕਿਹਾ, “ਇਸ ਵੇਲੇ ਕਿਨੇ ਵਜੇ ਹਨ?”

ਬਕਰੀ ਨੇ ਉਸ ਵਲ ਵੇਖਿਆ ਤੇ ਫੇਰ ਤੰਬੂਰੇ ਤੇ ਸੱਤ ਵੇਰੀ ਪੈਰ ਮਾਰਿਆ। ਸਾਰੇ ਲੋਕੀਂ ਹੈਰਾਨ ਹੋ ਗਏ ਅਤੇ ਆਪੋ ਵਿਚ ਕਈ ਪ੍ਰਕਾਰ ਦੀਆਂ ਗੱਲਾਂ ਕਰਨ ਲਗ ਪਏ।

“ਖ਼ਾਮੋਸ਼! ਖ਼ਾਸ ਕਰਕੇ ਹਾਲ ਦੇ ਸਿਰੇ ਤੇ ਖੜੋਤੇ ਲੋਕੀਂ ਚੁਪ ਹੋ ਜਾਣ।” ਜੱਜ ਨੇ ਕੜਕ ਕੇ ਕਿਹਾ। ਇਸ ਦੇ ਪਿਛੋਂ ਡੁਜਲੀ ਦੇ ਕਈ ਹੋਰ ਖੇਲ ਵੀ ਵਿਖਾਏ ਗਏ।

ਫੇਰ ਜਜ ਬੋਲਿਆ, “ਕੁੜੀਏ ਤੂੰ ਬਹੋਮੀ ਖ਼ਾਨਦਾਨ ਵਿਚੋਂ ਹੈਂ ਇਸ ਲਈ ਤੂੰ ਜ਼ਰੂਰ ਜਾਦੂਗਰ ਹੋਵੇਂਗੀ। ਕੀ ਤੂੰ ੨੯ ਮਾਰਚ ਦੀ ਰਾਤ ਨੂੰ ਕਪਤਾਨ ਫੀਬਸ ਨੂੰ ਛੁਰੇ ਨਾਲ ਜ਼ਖ਼ਮੀ ਨਹੀਂ ਕੀਤਾ? ਕੀ ਤੂੰ ਇਹ ਮੰਨਣ ਤੋਂ ਇਨਕਾਰ ਕਰਦੀ ਏਂ?”

੬o