ਪੰਨਾ:ਟੱਪਰੀਵਾਸ ਕੁੜੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਿਜਾ ਕੇ ਤੈਨੂੰ ਤੇਰੀ ਬਕਰੀ ਸਮੇਤ ਫਾਂਸੀ ਤੇ ਲਟਕਾ ਦਿਤਾ ਜਾਏਗਾ। ਪ੍ਰਮਾਤਮਾ ਤੇਰਾ ਸਹਾਈ ਹੋਵੇ।"

ਜੱਜ ਦੇ ਇਹ ਫੈਸਲਾ ਸੁਣਾਂਦਿਆਂ ਹੀ, ਹਾਲ ਵਿਚ ਹੂ - ਹੂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਲੋਕੀਂ ਹੈਰਾਨ ਸਨ ਕਿਉਂਕਿ ਅਸਮਰ ਲਈ ਜਿਹੜੀ ਸਜ਼ਾ ਨੀਅਤ ਕੀਤੀ ਗਈ ਸੀ ਉਹ ਬਹੁਤ ਸਖ਼ਤ ਸੀ।

ਅਸਮਰ ਤੇ ਇਹ ਫ਼ੈਸਲਾ ਸੁਣਦਿਆਂ ਹੀ ਮਾਨੋ ਬਿਜਲੀ ਆ ਡਿਗੀ ਕਿਉਂਕਿ ਉਸ ਨੂੰ ਆਸ ਸੀ ਕਿ ਉਹ ਅਜੇ ਜੀਉਂਦੀ ਹੈ ਅਤੇ ਉਹ ਜੀਉਂਦੀ ਰਹਿਣਾ ਚਾਹੁੰਦੀ ਸੀ। ਪਰ ਉਸਦੀ ਇਹ ਹਾਲਤ ਬਹੁਤਾ ਚਿਰ ਨਾ ਰਹੀ। ਹੁਣ ਉਸਦੀਆਂ ਅੱਖਾਂ ਵਿਚ ਚਮਕ ਸੀ ਅਤੇ ਬੁਲ੍ਹਾਂਂ ਤੇ ਮਧਮ ਜਹੀ ਮਸਕ੍ਰਾਹਟ ਸੀ ਕਿਉਂਕਿ ਉਸ ਨੂੰ ਯਕੀਨ ਹੋ ਚੁਕਾ ਸੀ ਕਿ ਫੀਬਸ ਮਰ ਚੁਕਾ ਹੈ। ਇਸ ਲਈ ਉਹ ਜੀਵਨ ਜਿਹੜਾ ਫੀਬਸ ਤੋਂ ਬਿਨਾ ਜੀਵਿਆ ਜਾਏ ਉਹ ਜੀਵਨ ਹੀ ਨਹੀਂ। ਇਸ ਲਈ ਮਰ ਜਾਣਾ ਹੀ ਚੰਗਾ ਹੈ ਤਾਂ ਜੋ ਛੇਤੀ ਹੀ ਸੁਰਗਾਂ ਵਿਚ ਜਾ ਕੇ ਆਪਣੇ ਪ੍ਰੇਮੀ ਨੂੰ ਜਾ ਮਿਲੇ। ਸਚੇ ਪ੍ਰੇਮੀ ਕਦੇ ਵੀ ਇਕ ਦੂਜੇ ਤੋਂ ਵੱਖ ਨਹੀਂ ਹੁੰਦੇ। ਜੇ ਹੁੰਦੇ ਹਨ ਤਾਂ ਕੇਵਲ ਮੌਤ ਸਮੇਂ। ਇਸ ਦੇ ਪਿਛੋਂ ਛੇਤੀ ਉਹ ਫੇਰ ਜਾ ਮਿਲਦੇ ਹਨ। ਏਧਰ ਅੱਖਾਂ ਬੰਦ ਹੋਈਆਂ ਓਧਰ ਆਪਣੇ ਪ੍ਰੇਮੀ ਨੂੰ ਜਾ ਮਿਲੇ। ਬੇ-ਸਬਰੀ ਮੁਕ ਗਈ। ਆਹ - ਮੌਤ ਕਿਡੀ ਸੁਹਾਵਣੀ ਹੈ ਜਿਹੜੀ ਜੀਵਨ ਦੀਆਂ ਤਲਖ਼ੀਆਂ ਖ਼ਤਮ ਕਰ ਦੇਵੇ। ਇਸ ਲਈ ਅਸਮਰ ਹੁਣ ਮਰਨ ਨੂੰ ਤਿਆਰ ਸੀ। ਉਹ ਸਿਪਾਹਆਂ ਵਿਚਕਾਰ ਘਿਰੀ ਹੋਈ ਕਮਰੇ ਵਿਚੋਂ ਮੁਸਕ੍ਰਾਉਂਦੀ ਹੋਈ ਨਿਕਲੀ। ਲੋਕੀਂ ਉਸ ਦੇ ਚਿਹਰੇ ਦੀ ਚਮਕ ਤੇ ਬੁਲ੍ਹਾਂਂ ਦੀ ਮੁਸਕਾਨ ਤੱਕ ਕੇ ਹੈਰਾਨ ਸਨ ਪਰ ਉਨ੍ਹਾਂ ਨੂੰ ਕੀ ਪਤਾ:-

"ਦਿਲ ਦਰਿਆ ਸਮੁੰਦਰੋਂ ਡੂੰਘਾ, ਕੌਣ ਦਿਲਾਂ ਦੀਆਂ ਜਾਣੇ।"

੬੬