ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੬

ਇਕ ਦਿਨ ਸ਼ਾਮ ਨੂੰ ਅਸਮਰ ਜੇਹਲ ਦੀ ਕਾਲ ਕੋਠੜੀ ਦੀ ਇਕ ਨੁਕਰੇ ਬੈਠੀ ਹੋਈ ਆਪਣੇ ਜੀਵਨ ਦੀਆਂ ਬੀਤ, ਚੁਕੀਆਂ ਘਟਨਾਵਾਂ ਨੂੰ ਚੇਤੇ ਕਰ ਕਰ ਕੇ ਹੈਰਾਨ ਹੋ ਰਹੀ ਸੀ। ਅਚਾਨਕ ਉਸ ਨੂੰ ਪੈਰਾਂ ਦਾ ਖੜਾਕ ਸੁਣਾਈ ਦਿਤਾ। ਉਸ ਨੇ ਸਮਝਿਆ ਕਿ ਸ਼ਾਇਦ ਵਾਰਡਰ ਉਸ ਲਈ ਖਾਣਾ ਲਿਆ ਰਿਹਾ ਹੈ। ਉਸ ਨੇ ਚੌਕਨੀ ਹੋ ਕੇ ਦਰਵਾਜ਼ੇ ਵਲ ਤਕਿਆ। ਇਕ ਆਦਮੀ ਦਰਵਾਜ਼ਾ ਖੋਹਲ ਕੇ, ਲਾਲਟੈਨ ਨੂੰ ਅਗੇ ਵਧਾਉਂਦਾ ਹੋਇਆ ਉਸ ਵਲ ਵਧਿਆ। ਉਸਨੇ ਅਸਮਰ ਦੇ ਲਾਗੇ ਜਾਕੇ ਲਾਲਟੈਨ ਇਕ ਪਾਸੇ ਰਖ ਦਿਤੀ ਅਤੇ ਉਸ ਦੇ ਸਾਹਮਣੇ ਖੜੋ ਗਿਆ। ਦੋਵੇਂ ਕਾਫ਼ੀ ਚਿਰ ਚੁਪ ਚਾਪ ਇਕ ਦੂਜੇ ਵਲ ਤੱਕਦੇ ਰਹੇ।

"ਤੁਸੀਂ ਕੌਣ ਹੋ?" ਅਖੀਰ ਅਸਮਰ ਨੇ ਚੁਪ ਨੂੰ ਤੋੜਦਿਆਂ ਹੋਇਆਂ ਪੁਛਿਆ।

"ਇਕ ਪਾਦਰੀ" ਆਉਣ ਵਾਲੇ ਨੇ ਸੰਖੇਪ ਜਿਹਾ ਉਤਰ ਦਿਤਾ।

ਪਾਦਰੀ - ਇਸ ਦਾ ਇਹ ਪਹਿਰਾਵਾ - ਅਸਮਰ ਦਾ ਦਿਲ ਉਸ ਦੀ ਆਵਾਜ਼ ਸੁਣਕੇ ਕੰਬਣ ਲਗ ਪਿਆ।

“ਕੀ ਤਿਆਰ ਏ?" ਪਾਦਰੀ ਨੇ ਰਤਾ ਕੁ ਮਥੇ ਤੇ ਵੱਟ ਕੇ ਕਿਹਾ।

"ਕਾਹਦੇ ਲਈ?" ਅਸਮਰ ਨੇ ਹੌਸਲਾ ਕਰਕੇ ਪੁਛਿਆ।

"ਮਰਨ ਲਈ।" ਪਾਦਰੀ ਬੋਲਿਆ।

“ਪਰ ਮੇਰੀ ਮੌਤ ਦੂਰ ਨਹੀਂ। ਕਲ ਹੀ ਸਵੇਰ ਨੂੰ।" ਅਸਮਰ ਬੋਲੀ, "ਇਹ ਵੀ ਬਹੁਤਾ ਸਮਾਂ ਏ" ਇਹ ਕਹਿੰਦਿਆਂ ਹੋਇਆ ਉਸਨੇ ਸਿਰ ਨੀਵਾਂ ਪਾ ਲਿਆ ਅਤੇ ਨਿਆਣਿਆਂ ਵਾਂਗੂ ਰੋਣ ਲਗ ਪਈ।

੬੭