“ਪਰ ਤੂੰ ਇਸ ਕੈਦ ਤੋਂ ਆਜ਼ਾਦ ਵੀ ਹੋ ਸਕਦੀ ਏਂ।"ਪਾਦਰੀ ਨੇ ਕਿਹਾ।
"ਹਾਂ ਮੈਂ ਏਥੋਂ ਦੌੜ ਜਾਣਾ ਚਾਹੁੰਦੀ ਹਾਂ, ਮੈਂ ਇਨ੍ਹਾਂ ਲੋਕਾਂ ਦੇ ਵਤੀਰੇ ਤੋਂ ਬਹੁਤ ਤੰਗ ਆ ਗਈ ਹਾਂ। ਇਹ ਮੈਨੂੰ ਜੀਉਂਦੀ ਨਹੀਂ ਛੱਡਣਗੇ।”
“ਚੰਗਾ, ਤਾਂ ਮੇਰੇ ਨਾਲ ਆ" ਪਾਦਰੀ ਨੇ ਕਿਹਾ ਅਤੇ ਉਸ ਦੀ ਬਾਂਹ ਫੜ ਲਈ।
"ਆਹ - ਮੌਤ ਦਾ ਹੱਥ। ਏਨਾਂ ਠੰਢਾ ਹੱਥ।” ਅਸਮਰ ਬੋਲੀ, ਪਰ ਤੁਸੀਂ ਹੋ ਕੌਣ?"
ਪਾਦਰੀ ਨੇ ਮੂੰਹ ਤੋਂ ਨਕਾਬ ਲਾਹ ਦਿੱਤੀ। ਇਹ ਓਹੀ ਆਦਮੀ ਸੀ ਜਿਹੜਾ ਉਸ ਦਿਨ ਕਪਤਾਨ ਫ਼ੀਬਸ ਦੇ ਫ਼ਰਸ਼ ਤੇ ਡਿਗਣ ਤੋਂ ਪਹਿਲੇ ਨਜ਼ਰੀਂ ਪਿਆ ਸੀ। ਉਸਨੇ ਡਰ ਨਾਲ ਅੱਖਾਂ ਬੰਦ ਕਰ ਲਈਆਂ।
"ਤੂੰ ਡਰ ਕਿਉਂ ਗਈ ਏਂ?" ਪਾਦਰੀ ਨੇ ਪੁਛਿਆ। ਅਸਮਰ ਚੁਪ ਰਹੀ। ਪਾਦਰੀ ਨੇ ਫੇਰ ਕਿਹਾ,“ਕੀ ਮੇਰੇ ਨਾਲ ਕੁਝ ਗੁਸੇ ਹੈਂ?
“ਹਾਂ", ਅਸਮਰ ਨੇ ਧੌਣ ਹਿਲਾਈ।
"ਨਹੀਂ, ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ। ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹਾਂ" ਉਹ ਉਸ ਵਲ ਪਿਆਰ ਭਰੀਆਂ ਅੱਖਾਂ ਨਾਲ ਤੱਕਦਾ ਹੋਇਆ ਕਹਿਣ ਲਗਾ। ਅਸਮਰ ਚੁਪ ਕਰ ਰਹੀ। ਉਹ ਉਸ ਦੇ ਪੈਰਾਂ ਤੇ ਡਿਗ ਪਿਆ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਕਹਿਣ ਲਗਾ, “ਕੀ ਸੁਣ ਰਹੀ ਏਂ, ਮੈਂ ਤੈਨੂੰ ਪਿਆਰ ਕਰਦਾ ਹਾਂ।"
"ਕੀ? ਕਾਹਦਾ ਪਿਆਰ?" ਅਸਮਰ ਨੇ ਗੁਸੇ ਨਾਲ ਮੂੰਹ ਦੂਜੇ ਪਾਸੇ ਕਰ ਲਿਆ। ਪਾਦਰੀ ਲੰਮੇ ਲੰਮੇ ਹਟਕੋਰੇ ਮਾਰਨ ਲਗ ਪਿਆ ਜਿਵੇਂ ਉਸ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਹੋਵੇ। ਉਸ ਨੇ ਕਿਹਾ।
"ਇਕ ਦਿਨ ਮੈਂ ਆਪਣੇ ਕਮਰੇ ਦੀ ਬਾਰੀ ਰਾਹੀਂ ਬਾਹਰ ਝਾਕ ਰਿਹਾ ਸਾਂ। ਮੈਂ ਕਿਹੜੀ ਕਿਤਾਬ ਪੜ ਰਿਹਾ ਸਾਂ? ਇਹ ਮੈਨੂੰ ਪਤਾ ਨਹੀਂ ਪਰ ਮੈਂ
ਕੁਝ ਪੜ੍ਹ ਰਿਹਾ ਸਾਂ। ਮੇਰੇ ਕੰਨਾਂ ਵਿਚ ਤੇਰੇ ਰਾਉਣ ਦੀ ਆਵਾਜ਼ ਪਈ।